Jalalabad lawyer commits : ਕੇਂਦਰ ਦੇ ਕਾਲੇ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਕੜਕਦੀ ਠੰਡ ‘ਚ ਉਹ ਦਿੱਲੀ ਬਾਰਡਰ ‘ਤੇ ਡਟੇ ਹੋਏ ਹਨ। ਵੱਖ-ਵੱਖ ਵਰਗਾਂ ਵੱਲੋਂ ਕਿਸਾਨਾਂ ਦੇ ਇਸ ਅੰਦੋਲਨ ਦਾ ਸਮਰਥਨ ਕੀਤਾ ਜਾ ਰਿਹਾ ਹੈ ਤੇ ਉਹ ਵੱਧ-ਚੜ੍ਹ ਕੇ ਕਿਸਾਨੀ ਲਹਿਰ ‘ਚ ਸ਼ਾਮਲ ਹੋ ਰਹੇ ਹਨ। ਜਲਾਲਾਬਾਦ ਬਾਰ ਐਸੋਸੀਏਸ਼ਨ ਦੇ ਮੈਂਬਰ ਤੇ ਵਕੀਲ ਅਮਰਜੀਤ ਸਿੰਘ ਰਾਏ ਵੀ ਇਸ ਅੰਦੋਲਨ ‘ਚ ਸ਼ਾਮਲ ਸਨ ਪਰ ਅੱਜ ਉਨ੍ਹਾਂ ਨੇ ਟੀਕਰੀ ਬਾਰਡਰ ‘ਤੇ ਜ਼ਹਿਰੀਲਾ ਪਦਾਰਥ ਨਿਗਲ ਕੇ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕੀਤੀ। ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੇ ਪੀ. ਜੀ. ਆਈ. ਰੋਹਤਕ ਰੈਫਰ ਕੀਤਾ ਗਿਆ ਹੈ।
ਵਕੀਲ ਅਮਰਜੀਤ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਇੱਕ ਸੁਸਾਈਡ ਨੋਟ ਵੀ ਲਿਖਿਆ ਹੈ ਜਿਸ ‘ਚ ਉਨ੍ਹਾਂ ਨੇ ਕੇਂਦਰ ਦੇ ਖੇਤੀ ਕਾਨੂੰਨਾਂ ਨੂੰ ਗਲਤ ਠਹਿਰਾਇਆ ਹੈ। ਉਹ ਪਿਛਲੇ ਲਗਭਗ ਇਕ ਹਫਤੇ ਤੋਂ ਦਿੱਲੀ ਦੇ ਟਿਕਰੀ ਬਾਰਡਰ ‘ਤੇ ਕਿਸਾਨਾਂ ਦਾ ਸਮਰਥਨ ਕਰ ਰਹੇ ਸਨ ਤੇ ਅੱਜ ਸਵੇਰੇ 9 ਵਜੇ ਉਨ੍ਹਾਂ ਨੇ ਜ਼ਹਿਰੀਲਾ ਪਦਾਰਥ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਪੱਤਰ ‘ਚ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਕੁਝ ਲੋਕਾਂ ਦੇ ਹੀ ਬਣ ਕੇ ਰਹਿ ਗਏ ਹਨ। ਉਹ ਸਿਰਫ ਆਪਣੇ ਮਨ ਕੀ ਬਾਤ ਹੀ ਸੁਣਾਉਂਦੇ ਹਨ ਤੇ ਕਿਸਾਨਾਂ ਦਾ ਸੁਣਨ ਨੂੰ ਤਿਆਰ ਹੀ ਨਹੀਂ ਹਨ। ਅਮਰਜੀਤ ਸਿੰਘ ਨੇ ਕਿਹਾ ਤਿੰਨ ਖੇਤੀ ਕਾਨੂੰਨਾਂ ਨੂੰ ਕਿਸਾਨ, ਮਜ਼ਦੂਰ ਤੇ ਆਮ ਲੋਕਾਂ ਦਾ ਜੀਵਨ ਤਬਾਹ ਕਰ ਦੇਣਗੇ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਹ ਕਿਸਾਨ, ਮਜ਼ਦੂਰ ਤੇ ਆਮ ਆਦਮੀ ਦੀ ਰੋਜ਼ੀ ਰੋਟੀ ਨੂੰ ਨਾ ਖੋਹਣ।