Jalandhar youth dies : ਗੁਰਾਇਆ : ਦਿੱਲੀ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨ ਅੰਦੋਲਨ ਤੋਂ ਵਾਪਸ ਪਰਤ ਰਹੇ ਜਲੰਧਰ ਦੇ ਨੌਜਵਾਨਾਂ ਦੀ ਟਰੈਕਟਰ-ਟਰਾਲੀ ਹੇਠਾਂ ਆਉਣ ਨਾਲ ਦਰਦਨਾਕ ਮੌਤ ਹੋ ਗਈ ਹੈ। ਉਸ ਦੀ ਮੌਤ ਤੋਂ ਬਾਅਦ ਪਿੰਡ ਤਲਵੰਡੀ ਸੰਘੇੜਾ ਵਿੱਚ ਸੋਗ ਦੀ ਲਹਿਰ ਫੈਲ ਗਈ। ਦੱਸਿਆ ਜਾ ਰਿਹਾ ਹੈ ਕਿ ਕਿਸਾਨ ਸੰਦੀਪ ਕੁਮਾਰ ਦੀ ਰੁੜਕਾਂ ਦੇ ਨੇੜੇ ਟਰੈਕਟਰ ਤੋਂ ਛਾਲ ਮਾਰਨ ਅਤੇ ਸੜਕ ਦੇ ‘ਚ ਡਿੱਗਣ ਨਾਲ ਮੌਤ ਹੋ ਗਈ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰੈਸ ਸਕੱਤਰ ਹਰਪ੍ਰੀਤ ਸਿੰਘ ਕੋਟਲੀ ਗਾਜਰਾਂ ਨੇ ਦੱਸਿਆ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਜੱਥਾ ਐਤਵਾਰ ਸ਼ਾਮ ਕਰੀਬ 7 ਵਜੇ ਦਿੱਲੀ ਤੋਂ ਟਰੈਕਟਰ ਨਾਲ ਚਲਿਆ ਸੀ। 28 ਸਾਲਾ ਸੰਦੀਪ ਕੁਮਾਰ ਟਰੈਕਟਰ ਦੇ ਅੱਗੇ ਬੈਠਾ ਸੀ। ਸੋਮਵਾਰ ਸਵੇਰੇ 10 ਵਜੇ ਦੇ ਕਰੀਬ ਰੁੜਕੀ ਦੇ ਕੋਲ ਬ੍ਰੇਕ ਲਗਾਉਂਦੇ ਸਮੇਂ ਸੰਦੀਪ ਉਛਲ ਕੇ ਹੇਠਾਂ ਡਿੱਗ ਗਿਆ ਅਤੇ ਟਰੈਕਟਰ ਟਰਾਲੀ ਉਸ ਦੇ ਉੱਪਰੋਂ ਲੰਘ ਗਈ। ਉਨ੍ਹਾਂ ਕਿਹਾ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ 5 ਫਰਵਰੀ ਤੋਂ ਲਗਾਤਾਰ ਸਿੰਘੂ ਸਰਹੱਦ ‘ਤੇ ਕੰਮ ਕਰ ਰਹੀ ਸੀ ਅਤੇ ਸੰਦੀਪ ਵੀ ਉਸੇ ਜੱਥੇ ਵਿੱਚ ਸ਼ਾਮਲ ਸੀ। ਸੰਦੀਪ ਦੇ ਪਿਤਾ ਕੁਲਦੀਪ ਰਾਏ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ੋਨ ਸ਼ਾਹਕੋਟ ਦੇ ਸੀਨੀਅਰ ਉਪ ਪ੍ਰਧਾਨ ਹਨ ਅਤੇ ਛੇ ਕਨਾਲ ਜ਼ਮੀਨ ਦੇ ਮਾਲਕ ਹਨ। ਕੋਟਲੀ ਨੇ ਪੰਜਾਬ ਸਰਕਾਰ ਤੋਂ ਸਰਕਾਰੀ ਨੌਕਰੀ ਅਤੇ ਪਰਿਵਾਰ ਲਈ ਮੁਆਵਜ਼ੇ ਦੀ ਮੰਗ ਕੀਤੀ।
ਦਿੱਲੀ ਦੀਆਂ ਸਰਹੱਦਾਂ ‘ਤੇ ਪਿਛਲੇ 3 ਮਹੀਨਿਆਂ ਤੋਂ ਖੇਤੀ ਕਾਨੂੰਨਾਂ ਖਿਲਾਫ ਕਿਸਾਨ ਡਟੇ ਹੋਏ ਹਨ। ਇਸ ਅੰਦੋਲਨ ‘ਚ ਹੁਣ ਤੱਕ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਸ਼ਹੀਦ ਹੋ ਚੁੱਕੇ ਹਨ ਪਰ ਮੋਦੀ ਵੱਲੋਂ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ। ਹਰਿਆਣਾ ਦੇ ਨਾਲ-ਨਾਲ ਹੁਣ ਪੰਜਾਬ ‘ਚ ਹੁਣ ਮਹਾਪੰਚਾਇਤਾਂ ਸ਼ੁਰੂ ਹੋ ਗਈਆਂ ਹਨ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਹੀ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ।