Khattar govt to : ਚੰਡੀਗੜ੍ਹ : ਨੌਦੀਪ ਕੌਰ ਨੂੰ ਹਾਈਕੋਰਟ ਵੱਲੋਂ ਜ਼ਮਾਨਤ ਮਿਲਣ ‘ਤੇ ਆਮ ਆਦਮੀ ਪਾਰਟੀ ਨੇ ਆਪਣੇ ਵਿਚਾਰ ਪ੍ਰਗਟਾਉਂਦੇ ਹੋਏ ਇਸ ਨੂੰ ਹੱਕ, ਸੱਚ ਲਈ ਆਵਾਜ਼ ਬੁਲੰਦ ਕਰਨ ਵਾਲੇ ਲੋਕਾਂ ਦੀ ਜਿੱਤ ਕਰਾਰ ਦਿੱਤਾ। ‘ਆਪ’ ਦੇ ਸੀਨੀਅਰ ਆਗੂ ਤੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੀ ਉਪਆਗੂ ਸਰਵਜੀਤ ਕੌਰ ਮਾਣੂੰਕੇ ਨੇ ਕਿਹਾ ਕਿ ਅੱਜ ਜਦੋਂ ਦੇਸ਼ ਦੀ ਮੋਦੀ ਸਰਕਾਰ ਆਪਣੇ ਤਾਨਾਸ਼ਾਹੀ ਤਰੀਕਿਆਂ ਨਾਲ ਲੋਕਾਂ ਤੋਂ ਸੰਵਿਧਾਨ ਰਾਹੀਂ ਮਿਲੇ ਅਧਿਕਾਰ ਖੋਹਣ ਦੀਆਂ ਚਾਲਾਂ ਚੱਲ ਰਹੀ ਹੈ, ਉੱਥੇ ਨਿਆਂ ਪਾਲਿਕਾ ਸੰਵਿਧਾਨ ਨੂੰ ਬਚਾਉਣ ਲਈ ਨਿਰਪੱਖਤਾ ਨਾਲ ਆਪਣੀ ਸਹੀ ਭੂਮਿਕਾ ਨਿਭਾ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਫੈਸਲਿਆਂ ਨਾਲ ਅਸਹਿਮਤ ਹੋਣਾ ਜਾਂ ਸਹਿਮਤ ਹੋਣਾ ਲੋਕਾਂ ਦੀ ਇੱਕ ਆਪਣੀ ਨਿੱਜੀ ਰਾਏ ਹੈ ਪਰ ਤਾਨਾਸ਼ਾਹੀ ਮੋਦੀ ਸਰਕਾਰ ਅਸਹਿਮਤੀ ਹੋਣ ਵਾਲੇ ਲੋਕਾਂ ਨੂੰ ਗੈਰਕਾਨੂੰਨੀ ਢੰਗ ਨਾਲ ਜੇਲ੍ਹਾਂ ਵਿੱਚ ਬੰਦ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਕਿਰਤੀ ਲੋਕਾਂ ਦੇ ਹੱਕਾਂ ਲਈ ਲੜਨ ਵਾਲੀ ਅਤੇ ਉਨ੍ਹਾਂ ਨੂੰ ਅਧਿਕਾਰਾਂ ਸਬੰਧੀ ਜਾਣੂ ਕਰਾਉਣ ਵਾਲੀ ਕਿਰਤੀ ਆਗੂ ਨੌਦੀਪ ਕੌਰ ਦੀ ਆਵਾਜ਼ ਨੂੰ ਦਬਾਉਣ ਲਈ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਪਰ ਹਾਈਕੋਰਟ ਵੱਲੋਂ ਉਸ ਨੂੰ ਰਿਹਾਅ ਕੀਤੇ ਜਾਣ ਦਾ ਫੈਸਲਾ ਸੱਚਮੁੱਚ ਪ੍ਰਸ਼ੰਸਾਯੋਗ ਹੈ।
ਕਿਰਤੀ ਆਗੂ ਨੌਦੀਪ ਕੌਰ ਦੀ ਗ੍ਰਿਫਤਾਰੀ ਤੋਂ ਕੁਝ ਦੇਰ ਬਾਅਦ ਉਸਦੇ ਸਾਥੀ ਸ਼ਿਵ ਕੁਮਾਰ ਨੂੰ ਵੀ ਪੁਲਿਸ ਨੇ ਉਸ ਨਾਲ ਗ੍ਰਿਫਤਾਰ ਕੀਤਾ ਸੀ, ਜਿਸ ਉੱਤੇ ਪੁਲਿਸ ਨੇ ਗੈਰ ਮਨੁੱਖੀ ਤਰੀਕੇ ਨਾਲ ਤਸ਼ੱਦਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਹਰਿਆਣਾ ਦੀ ਖੱਟਰ ਸਰਕਾਰ ਕਿਸਾਨ ਅੰਦੋਲਨ ਨੂੰ ਕੁਚਲਣ ਲਈ ਪਹਿਲਾਂ ਤਰ੍ਹਾਂ ਤਰ੍ਹਾਂ ਦੀਆਂ ਚਾਲਾਂ ਚਲਦੀ ਰਹੀ, ਜਦੋਂ ਸਫਲ ਨਾ ਹੋਏ ਤਾਂ ਹੁਣ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਵਾਲਿਆਂ ਉਤੇ ਝੂਠੇ ਕੇਸ ਦਰਜ ਕਰਕੇ ਚੁੱਪ ਕਰਾਉਣਾ ਚਾਹੁੰਦੀ ਹੈ। ਉਨ੍ਹਾਂ ਕੇਂਦਰ ਅਤੇ ਹਰਿਆਣਾ ਸਰਕਾਰ ਤੋਂ ਮੰਗ ਕੀਤੀ ਕਿ ਜਿਨ੍ਹਾਂ ਕਿਸਾਨਾਂ ਜਾਂ ਉਨ੍ਹਾਂ ਦੀ ਮਦਦ ਕਰਨ ਵਾਲੇ ਆਗੂਆਂ ਉੱਤੇ ਝੂਠੇ ਪੁਲਿਸ ਕੇਸ ਦਰਜ ਕੀਤੇ ਹਨ ਉਨ੍ਹਾਂ ਨੂੰ ਰੱਦ ਕਰਕੇ ਤੁਰੰਤ ਜੇਲ੍ਹਾਂ ਵਿੱਚੋਂ ਰਿਹਾਅ ਕਰੇ। ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਿਸਾਨਾਂ ਦੇ ਹੱਕ ਵਿੱਚ ਬੋਲਣ ਵਾਲਿਆਂ ਨੂੰ ਕਈ ਸੋਸ਼ਲ ਵਰਕਰਾਂ ਨੂੰ ਨਿਆਂਪਾਲਿਕਾ ਵੱਲੋਂ ਜ਼ਮਾਨਤ ਉੱਤੇ ਛੱਡ ਦਿੱਤਾ ਗਿਆ ਹੈ।
ਮਾਣੂੰਕੇ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਹੀ ਸੂਬੇ ਦੇ ਲੋਕਾਂ ਲਈ ਲਾਪ੍ਰਵਾਹ ਹੋਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਕੇਂਦਰ ਦੇ ਅਧੀਨ ਆਉਦੀ ਦਿੱਲੀ ਪੁਲਿਸ ਅਤੇ ਹਰਿਆਣਾ ਦੀ ਖੱਟਰ ਦੀ ਪੁਲਿਸ ਪੰਜਾਬੀਆਂ ਉਤੇ ਝੂਠੇ ਮੁਕਦਮੇ ਦਰਜ ਕਰ ਰਹੀ ਹੈ। ਕੈਪਟਨ ਅਮਰਿੰਦਰ ਨੇ ਉਨ੍ਹਾਂ ਦੇ ਹੱਕ ਵਿੱਚ ਆ ਕੇ ਤਾਂ ਕੀ ਖੜ੍ਹਣਾ ਸੀ, ਭਾਜਪਾ ਸਰਕਾਰਾਂ ਦੇ ਵਿਰੁੱਧ ਇਕ ਵੀ ਸ਼ਬਦ ਬੋਲਣ ਦੀ ਹਿੰਮਤ ਨਹੀਂ ਦਿਖਾਈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸੂਬੇ ਦਾ ਮੁੱਖੀ ਹੋਣ ਦੇ ਨਾਤੇ ਆਪਣੇ ਸ਼ਾਹੀ ਫਾਰਮ ਹਾਊਸ ਵਿੱਚੋਂ ਬਾਹਰ ਨਿਕਲਕੇ ਲੋਕਾਂ ਨਾਲ ਖੜ੍ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ ਗੱਲਬਾਤ ਕਰਕੇ ਗ੍ਰਿਫਤਾਰ ਕੀਤੇ ਗਏ ਲੋਕਾਂ ਦੀ ਰਿਹਾਈ ਦੀ ਮੰਗ ਕਰਨੀ ਚਾਹੀਦੀ ਹੈ।