Kisan Mazdoor Sangharsh : ਅੰਮ੍ਰਿਤਸਰ : ਖੇਤੀ ਬਿੱਲ ਖਿਲਾਫ ਦੇਸ਼ ਭਰ ਦੇ ਕਿਸਾਨਾਂ ਨੇ ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਹੈ। ਪੰਜਾਬ ਹਰਿਆਣਾ ‘ਚ ਵੀ ਕਿਸਾਨ ਪਿਛਲੇ ਕਈ ਦਿਨਾਂ ਤੋਂ ਖੇਤੀ ਬਿੱਲ ਖਿਲਾਫ ਅੰਦੋਲਨ ਕਰ ਰਹੇ ਹਨ। ਭਾਰਤੀ ਕਿਸਾਨ ਯੂਨੀਅਨ ਸਮੇਤ ਵੱਖ-ਵੱਖ ਕਿਸਾਨ ਸੰਗਠਨ ਇਸ ਬੰਦ ‘ਚ ਸ਼ਾਮਲ ਹੈ। ਕਿਸਾਨ ਸੰਗਠਨਾਂ ਨੂੰ ਕਾਂਗਰਸ, ਰਾਜਦ, ਸਮਾਜਵਾਦੀ ਪਾਰਟੀ, ਅਕਾਲੀ ਦਲ, ਆਪ ਸਮੇਤ ਕਈ ਰਾਜਨੀਤਕ ਦਲਾਂ ਦਾ ਸਮਰਥਨ ਮਿਲਿਆ ਹੈ। ਪੰਜਾਬ ਦੇ ਕਿਸਾਨ ਵੀਰਵਾਰ ਤੋਂ ਹੀ 3 ਦਿਨਾਂ ਦੇ ਰੇਲ ਰੋਕੋ ਅੰਦੋਲਨ ‘ਤੇ ਹੈ, ਉਥੇ ਕਿਸਾਨ ਰੇਲਵੇ ਟਰੈਕ ‘ਤੇ ਡਟੇ ਹੋਏ ਹਨ ਤੇ ਬਿੱਲ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ।
ਦੇਸ਼ ਵਿਆਪੀ ਬੰਦ ਨੂੰ ਦੇਖਦੇ ਹੋਏ ਪੰਜਾਬ ਦੇ ਲੁਧਿਆਣਾ ਦੇ ਲਾਡੋਵਾਲ ਟੌਲ ਪਲਾਜ਼ਾ ‘ਤੇ ਪੁਲਿਸ ਪ੍ਰਸ਼ਾਸਨ ਨੇ ਖਾਸ ਇੰਤਜ਼ਾਮ ਕੀਤੇ ਹਨ। ਲੁਧਿਆਣਾ ਪੁਲਿਸ ਪ੍ਰਸ਼ਾਸਨ ਨੇ ਕਿਹਾ ਕਿ ਕਿਸਾਨ ਨੇਤਾਵਾਂ ਨੇ ਸ਼ਾਂਤੀਪੂਰਨ ਅੰਦੋਲਨ ਦਾ ਭਰੋਸਾ ਦਿੱਤਾ ਹੈ। ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਸੂਬੇ ‘ਚ ਕਾਨੂੰਨ ਵਿਵਸਥਾ ਬਣਾਏ ਰੱਖਣ ਅਤੇ ਅੰਦੋਲਨ ਦੌਰਾਨ ਵੀ ਸਮਾਜਿਕ ਦੂਰੀ ਦਾ ਖਿਆਲ ਰੱਖੇ।
ਅੰਮ੍ਰਿਤਸਰ ‘ਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਰੇਲ ਰੋਕੋ ਅੰਦੋਲਨ ਦਾ ਅੱਜ ਦੂਜਾ ਦਿਨ ਹੈ, ਕਮੇਟੀ ਨੇ ਕਿਸਾਨ ਬਿੱਲ ਦੇ ਵਿਰੋਧ ‘ਚ 24 ਤੋਂ 26 ਸਤੰਬਰ ਤੱਕ ਰੇਲ ਰੋਕੋ ਅੰਦੋਲਨ ਚਲਾਇਆ ਹੈ। ਕਿਸਾਨ ਰੇਲਵੇ ਟਰੈਕ ‘ਤੇ ਟੈਂਟ ਗੱਡ ਕੇ ਬੈਠੇ ਹੋਏ ਹਨ। ਰੇਲਵੇ ਨੇ ਕਿਸਾਨ ਅੰਦੋਲਨ ਨੂੰ ਦੇਖਦੇ ਹੋਏ ਅਹਿਤਿਆਤ ਦੇ ਤੌਰ ‘ਤੇ 13 ਟ੍ਰੇਨਾਂ ਨੂੰ ਨਿਸ਼ਿਚਤ ਥਾਂ ‘ਤੇ ਪਹੁੰਚਣ ਤੋਂ ਪਹਿਲਾਂ ਹੀ ਟਰਮੀਨੇਟ ਕਰ ਦਿੱਤਾ ਹੈ। ਇਸ ਤੋਂ ਇਲਾਵਾ 14 ਟ੍ਰੇਨਾਂ ਰੱਦ ਕੀਤੀਆਂ ਗਈਆਂ ਹਨ। ਰੇਲਵੇ ਨੇ ਪੰਜਾਬ ਤੋਂ ਹੋ ਕੇ ਨਿਕਲਣ ਵਾਲੀਆਂ ਗੱਡੀਆਂ ਦਾ ਪਰਿਚਾਲਨ ਫਿਲਹਾਲ ਰੋਕ ਦਿੱਤਾ ਹੈ।