Kisan Union Lakhowal : ਚੰਡੀਗੜ੍ਹ : ਖੇਤੀ ਬਿੱਲ ਜਿਨ੍ਹਾਂ ਦਾ ਪੂਰੇ ਦੇਸ਼ ‘ਚ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਤੇ ਵੱਖ-ਵੱਖ ਸਿਆਸੀ ਆਗੂਆਂ ਵੱਲੋਂ ਇਨ੍ਹਾਂ ਰੈਲੀਆਂ ਵੀ ਕੱਢੀਆਂ ਜਾ ਰਹੀਆਂ ਹਨ ਤੇ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ ਤੇ ਕਿਸਾਨ ਲਗਾਤਾਰ ਧਰਨਿਆਂ ‘ਤੇ ਬੈਠੇ ਹੋਏ ਹਨ। ਉਨ੍ਹਾਂ ਹੀ ਖੇਤੀ ਬਿੱਲਾਂ ਖਿਲਾਫ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਸੁਪਰੀਮ ਕੋਰਟ ‘ਚ ਰਿੱਟ ਪਟੀਸ਼ਨ ਦਾਖ਼ਲ ਕਰਕੇ ਬੇਨਤੀ ਕੀਤੀ ਗਈ ਕਿ ਇਹ ਤਿੰਨੋ ਬਿੱਲ ਮੁੱਢੋਂ ਹੀ ਰੱਦ ਕੀਤੇ ਜਾਣ। ਇਸ ਮੌਕੇ ਦੇਸ਼ ਦੇ ਮਸ਼ਹੂਰ ਐਡਵੋਕੇਟ ਜੀ. ਐੱਸ ਘੁੰਮਣ, ਜੀ. ਪੀ. ਐੱਸ ਘੁੰਮਣ (ਘੁੰਮਣ ਬ੍ਰਦਰਜ਼) ਮੌਜੂਦ ਸਨ। ਉਨ੍ਹਾਂ ਵੱਲੋਂ ਇਹ ਪਟੀਸ਼ਨ ਸੁਪਰੀਮ ਕੋਰਟ ‘ਚ ਦਾਇਰ ਕੀਤੀ ਗਈ।
ਜਾਣਕਾਰੀ ਦਿੰਦਿਆਂ ਹਰਿੰਦਰ ਸਿੰਘ ਲੱਖੋਵਾਲ ਜਨਰਲ ਸਕੱਤਰ ਪੰਜਾਬ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਇਹ ਬਿੱਲ ਧੱਕੇ ਨਾਲ ਕਿਸਾਨਾਂ ‘ਤੇ ਥੋਪੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ‘ਚ ਜਦੋਂ ਕਿ ਦੇਸ਼ ਕੋਰੋਨਾ ਵਰਗੀ ਮਹਾਮਾਰੀ ਨਾਲ ਸੰਘਰਸ਼ ਕਰ ਰਿਹਾ ਹੈ ਅਜਿਹੇ ਸਮੇਂ ‘ਚ ਮੋਦੀ ਸਰਕਾਰ ਵੱਲੋਂ ਇਨ੍ਹਾਂ ਖੇਤੀ ਬਿੱਲਾਂ ਨੂੰ ਪਾਸ ਕੀਤਾ ਗਿਆ। ਜੇਕਰ ਇਹ ਬਿੱਲ ਇੰਨੇ ਹੀ ਜ਼ਰੂਰੀ ਸਨ ਤਾਂ ਥੋੜ੍ਹਾ ਰੁਕ ਕੇ ਵੀ ਪਾਸ ਕੀਤੇ ਜਾ ਸਕਦੇ ਸਨ ਇੰਨੀ ਕਾਹਲੀ-ਕਾਹਲੀ ‘ਚ ਤੇ ਬਿਨਾਂ ਕਿਸਾਨਾਂ ਦੇ ਸਮਰਥਨ ਤੋਂ ਪਾਸ ਕਰਨਾ ਗਲਤ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਖੇਤੀ ਬਿੱਲਾਂ ਨੂੰ ਸੰਸਦ ‘ਚ ਧੱਕੇ ਨਾਲ ਜ਼ੁਬਾਨੀ ਵੋਟਾਂ ਦੇ ਅਧਾਰ ’ਤੇ ਬਿੱਲ ਪਾਸ ਕਰ ਦਿੱਤੇ ਗਏ ਅਤੇ ਫਿਰ ਰਾਸ਼ਟਰਪਤੀ ’ਤੇ ਦਬਾਅ ਪਾ ਦਸਤਖ਼ਤ ਕਰਾ ਕੇ ਲਾਗੂ ਕਰਵਾ ਦਿੱਤੇ ਗਏ । ਉਨ੍ਹਾਂ ਕਿਹਾ ਕਿ ਇਹ ਬਿੱਲ ਦੇਸ਼ ਦੇ ਕਿਸਾਨਾਂ ਦੇ ਮੌਤ ਵਾਰੰਟ ਹਨ ਅਤੇ ਮੋਦੀ ਸਰਕਾਰ ਦਾ ਦਾ ਇੱਕੋ ਟੀਚਾ ਇਨ੍ਹਾਂ ਰਾਹੀਂ ਕਾਰਪੋਰੇਟ ਅਦਾਰਿਆਂ ਨੂੰ ਲਾਭ ਪਹੁੰਚਾਉਣਾ ਹੈ।
ਇਸ ਮੌਕੇ ਗੁਰਵਿੰਦਰ ਸਿੰਘ ਕੂੰਮਕਲਾਂ, ਹਰਮਿੰਦਰ ਸਿੰਘ ਖਹਿਰਾ ਜਨਰਲ ਸਕੱਤਰ, ਸੁਖਰਾਜ ਸਿੰਘ ਗਿੱਲ ਵਿੱਤ ਸਕੱਤਰ, ਦਲਜੀਤ ਸਿੰਘ ਚੱਕ, ਜਰਨੈਲ ਸਿੰਘ ਸਮਾਣਾ, ਰਘਵੀਰ ਸਿੰਘ ਕੂੰਮਕਲਾਂ, ਗੁਰਪ੍ਰੀਤ ਸਿੰਘ ਸਾਹਾਬਾਣਾ, ਹਰਮੇਲ ਸਿੰਘ ਭੁਟੇਹੜੀ, ਦਵਿੰਦਰ ਸਿੰਘ ਦੇਹਕਲਾਂ, ਗੁਰਮੁਖ ਸਿੰਘ ਹਿੰਮਤਪੁਰਾ, ਗੁਰਮੀਤ ਸਿੰਘ ਖੂਨੀ ਮਾਜਰਾ, ਲਵਨੀਤ ਸਿੰਘ ਮੋਹਾਲੀ, ਜਸਪਾਲ ਸਿੰਘ ਲਾਂਡਰਾ ਆਦਿ ਮੌਜੂਦ ਸਨ। ਲੱਖੋਵਾਲ ਨੇ ਕਿਹਾ ਕਿ ਅੱਜ ਸੁਪਰੀਮ ਕੋਰਟ ਵਿਚ ਅੱਜ ਬਿੱਲਾਂ ਖਿਲਾਫ਼ ਰਿੱਟ ਪਟੀਸ਼ਨ ਦਾਖ਼ਲ ਕੀਤੀ ਗਈ ਹੈ ਤਾਂ ਜੋ ਦੇਸ਼ ਦੇ ਕਿਸਾਨ, ਮਜ਼ਦੂਰ, ਦੁਕਾਨਦਾਰ ਤੇ ਛੋਟੇ ਵਪਾਰੀਆਂ ਨੂੰ ਸਰਕਾਰ ਦੇ ਇਨ੍ਹਾਂ ਗਲਤ ਫ਼ੈਸਲਿਆਂ ਤੋਂ ਬਚਾਇਆ ਜਾ ਸਕੇ।