Kotkapura shooting case : ਕੋਟਕਪਰਾ ਗੋਲੀਕਾਂਡ ਦੇ ਮਾਮਲੇ ਵਿਚ ਆਈਪੀਐਸ ਅਧਿਕਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਸਪੈਸ਼ਲ਼ ਇਨਵੈਸਟਿਗੇਸ਼ਨ ਟੀਮ (SIT) ਵੱਲੋਂ ਥਾਣਾ ਸਿਟੀ ਕੋਟਕਪੂਰਾ ਦੇ ਤਤਕਾਲੀ SHO ਇੰਸਪੈਕਟਰ ਗੁਰਦੀਪ ਸਿੰਘ ਪੰਧੇਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਐਸਐਚਓ ਨੂੰ ਅੰਮ੍ਰਿਤਸਰ ਵਿਖੇ ਪੁੱਛ-ਗਿਛ ਲਈ ਬੁਲਾਇਆ ਗਿਆ ਸੀ, ਜਿਥੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਐਸਐਚਓ ਨੂੰ ਅੱਜ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਜਾ ਸਕਦਾ ਹੈ।
ਦੱਸਣਯੋਗ ਹੈ ਕਿ ਪਿਛਲੇ ਦਿਨੀਂ ਵੀ SIT ਵੱਲੋਂ ਦੋ ਗ੍ਰਿਫਤਾਰੀਆਂ ਕੀਤੀਆਂ ਗਈਆਂ ਸਨ, ਜਿਨ੍ਹਾਂ ਵਿਚ ਫਰੀਦਕੋਟ ਦੇ ਮਸ਼ਹੂਰ ਐਡਵੋਕੇਟ ਸੁਹੇਲ ਸਿੰਘ ਅਤੇ ਮਾਰੂਤੀ ਏਜੰਸੀ ਪੰਕਜ ਮੋਟਰਜ਼ ਦੇ ਐਮਡੀ ਪੰਕਜ ਬਾਂਸਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਦੋਹਾਂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿਥੇ ਅਦਾਲਤ ਵੱਲੋਂ ਦੋਵਾਂ ਮੁਲਜ਼ਮਾਂ ਨੂੰ 14 ਦਿਨਾਂ ਲਈ ਜੇਲ ਭੇਜ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਇਸ ਮਾਮਲੇ ਵਿਚ ਬਹਿਲ ਕਲਾਂ ਗੋਲੀਕਾਂਡ ਵਿਚ ਦੋ ਸਿੰਘਾਂ ਦੇ ਸ਼ਹੀਦ ਹੋ ਜਾਣ ’ਤੇ ਪੁਲਿਸ ਨੇ ਫਰੀਦਕੋਟ ਦੇ ਐਡਵੋਕੇਟ ਸੋਹੇਲ ਸਿੰਘ ਬਰਾੜ ’ਤੇ ਪੁਲਿਸ ਮੁਲਾਜ਼ਮਾਂ ਨਾਲ ਮਿਲ ਕੇ ਸਾਜ਼ਿਸ਼ ਰਚਣ ਦੀ ਝੂਠੀ ਕਹਾਣੀ ਘੜਣ ਦੇ ਦੋਸ਼ ਹੇਠ ਪੰਕਜ ਮੋਟਰਜ਼ ਦੇ ਐਮਡੀ ਨੂੰ ਗ੍ਰਿਫਤਾਰ ਕੀਤਾ ਸੀ।
ਇਸ ਦੇ ਸਬੂਤ ਪੈਦਾ ਕਰਨ ਲਈ ਐਡਵੋਕੇਟ ਦੇ ਘਰ ਇਕ ਪੁਲਿਸ ਜਿਪਸੀ ਲਿਜਾ ਕੇ ਇਸ ’ਤੇ ਗੋਲੀਆਂ ਮਾਰ ਕੇ ਨਿਸ਼ਾਨ ਬਣਾਏ ਗਏ। ਫਿਰ ਪੰਕਾਜ ਬਾਂਸਲ ਵੱਲੋਂ ਰਾਈਫਲ ਮੰਗਵਾ ਕੇ ਇਸ ਨਾਲ ਵੀ ਗੋਲੀਆਂ ਦੇ ਨਿਸ਼ਾਨ ਜਿਪਸੀ ’ਤੇ ਬਣਾਏ ਗਏ ਸਨ। ਪੰਕਜ ਬਾਂਸਲ ਦੇ ਇਕ ਦਰਜਨ ਪੁਲਿਸ ਅਧਿਕਾਰੀਆਂ ਨਾਲ ਨੇੜਲੇ ਸਬੰਧ ਸਨ ਅਤੇ ਕੁਝ ਪੁਲਿਸ ਅਧਿਕਾਰੀਆਂ ਵੱਲੋਂ ਪੰਕਜ ਬਾਂਸਲ ਤੋਂ ਕਥਿਤ ਤੌਰ ’ਤੇ ਲਈਆਂ ਮਹਿੰਗੀਆਂ ਕਾਰਾਂ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ।