Learn about the : ਗੁਰਦੁਆਰਾ ਸੰਨ੍ਹ ਸਾਹਿਬ ਬਾਸਰਕੇ ਗਿੱਲਾਂ(ਅੰਮ੍ਰਿਤਸਰ) ਦੀ ਆਪਣੀ ਇਤਿਹਾਸਕ ਮਹੱਤਤਾ ਹੈ। ਇਹ ਸਥਾਨ ਛੇਹਰਟਾ ਤੋਂ 7 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਸ੍ਰੀ ਗੁਰੂ ਅਮਰਦਾਸ ਜੀ ਦੇ ਸਮੇਂ ਇਥੇ ਕੱਚਾ ਜਿਹਾ ਇੱਕ ਕੋਠਾ ਹੁੰਦਾ ਸੀ । ਜੋ ਪਿੰਡ ਦੇ ਵਾਸੀਆਂ ਨੇ ਮੀਂਹ ਤੋਂ ਬਚਾਅ ਲਈ ਰੱਖਿਆ ਹੋਇਆ ਸੀ। ਸ੍ਰੀ ਗੁਰੂ ਅਮਰਦਾਸ ਜੀ ਨੇ ਬੀਬੀ ਅਮਰੋ ਰਾਹੀਂ ਦੂਜੀ ਪਾਤਸ਼ਾਹੀ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ ਤੇ ਉਨ੍ਹਾਂ ਦੀ ਸੇਵਾ ‘ਚ ਲੱਗ ਗਏ।
ਸ੍ਰੀ ਗੁਰੂ ਅਮਰਦਾਸ ਜੀ ਨੇ 12 ਸਾਲ ਬਿਆਸ ਦਰਿਆ ਤੋਂ ਪਾਣੀ ਭਰ ਕੇ ਗੁਰੂ ਜੀ ਨੂੰ ਇਸ਼ਨਾਨ ਕਰਵਾਇਆ। ਸੇਵਾ ਤੋਂ ਖੁਸ਼ ਹੋ ਕੇ ਉਨ੍ਹਾਂ ਨੂੰ ਗੁਰਗੱਦੀ ਦੀ ਬਖਸ਼ ਦਿੱਤੀ ਤਾਂ ਗੁਰੂ ਅੰਗਦ ਦੇਵ ਜੀ ਦੇ ਸਪੁੱਤਰਾਂ ਦਾਤੂ ਅਤੇ ਦਾਸੂ ਨੇ ਇਸ ਦਾ ਕਰੜਾ ਵਿਰੋਧ ਕੀਤਾ। ਗੁਰੂ ਅਮਰ ਦਾਸ ਜੀ ਬਿਨ੍ਹਾ ਕਿਸੇ ਨੂੰ ਦੱਸਿਆ ਗੋਇੰਦਵਾਲ ਤੋਂ ਬਾਸਰਕੇ ਆ ਗਏ ਅਤੇ ਇਸ ਜਗ੍ਹਾ ਚਰਾਂਦ ਵਿੱਚ ਵਾਗੀਆ ਵੱਲੋਂ ਮੀਂਹ ਕਣੀ ਅਤੇ ਧੁੱਪ ਤੋਂ ਬਚਾਅ ਲਈ ਬਣਾਏ ਕਮਰੇ ਵਿੱਚ ਬੈਠ ਕੇ ਭਜਨ ਬੰਦਗੀ ਕਰਨ ਲੱਗ ਪਏ ਅਤੇ ਬਾਹਰ ਲਿਖ ਦਿੱਤਾ ਕਿ ਜੋ ਬੂਹਾ ਖੋਲ੍ਹੇਗਾ, ਉਹ ਗੁਰੂ ਦਾ ਸਿੱਖ ਨਹੀਂ ਹੋਵੇਗਾ ।
ਜਦ ਸਵੇਰ ਹੋਈ ਤਾਂ ਉਥੇ ਸਿੱਖਾਂ ਦਾ ਇਕੱਠ ਹੋਇਆ । ਗੁਰੂ ਜੀ ਦੀ ਭਾਲ ਲਈ ਵਿਚਾਰਾਂ ਹੋਈਆਂ ਅਤੇ ਬਾਬਾ ਬੁੱਢਾ ਜੀ ਨੂੰ ਗੁਰੂ ਜੀ ਦੀ ਭਾਲ ਲਈ ਅਰਜ ਕੀਤੀ ।ਬਾਬਾ ਬੁੱਢਾ ਜੀ ਨੇ ਸੰਗਤਾਂ ਨੂੰ ਧੀਰਜ ਬਣਾਈ ਅਤੇ ਗੁਰੂ ਜੀ ਦੀ ਘੋੜੀ ਲਿਆਉਣ ਲਈ ਕਿਹਾ । ਘੋੜੀ ਅੱਗੇ-ਅੱਗੇ ਤੇ ਬਾਬਾ ਬੁੱਢਾ ਜੀ ਮਗਰ ਤੁਰ ਪਏ । ਬਾਬਾ ਬੁੱਢਾ ਜੀ ਦੇ ਪਿੱਛੇ ਸੰਗਤਾਂ ਸਤਿਨਾਮ ਵਾਹਿਗੁਰੂ ਜੀ ਦਾ ਜਾਪ ਕਰਦੀਆਂ ਤੁਰ ਪਈਆਂ ।
ਘੋੜੀ ਇਸ ਅਸਥਾਨ ‘ਤੇ ਆ ਕੇ ਰੁਕ ਪਈ । ਬੂਹੇ ‘ਤੇ ਗੁਰੂ ਜੀ ਦਾ ਹੁਕਮ ਲਿਖਿਆ ਪੜ੍ਹ ਕੇ ਸੰਗਤਾਂ ਉਦਾਸ ਹੋ ਗਈਆਂ ਕਿ ਗੁਰੂ ਜੀ ਦੀ ਹੁਕਮ ਅਦੂਲੀ ਕੋਣ ਕਰੂ ਅਤੇ ਗੁਰੂ ਜੀ ਦੇ ਦਰਸ਼ਨਾਂ ਤੋਂ ਵਾਂਝੇ ਕਿਵੇਂ ਰਹਿ ਲਈਏ । ਸੰਗਤਾਂ ਦੇ ਚਿਹਰਿਆਂ ‘ਤੇ ਉਦਾਸੀ ਪੜ੍ਹ ਕੇ ਸੰਗਤਾਂ ਨੂੰ ਦਿਲਾਸਾ ਦਿੱਤਾ, ਧੀਰਜ ਬਣਾਈ ਅਤੇ ਜੁਗਤ ਵਰਤੀ । ਬਾਬਾ ਬੁੱਢਾ ਜੀ ਨੇ ਬੂਹਾ ਖੋਲ੍ਹਣ ਦੀ ਬਜਾਏ ਮਗਰੋਂ ਕੰਧ ਵਿਚ ਸੰਨ੍ਹ (ਪਾੜ) ਲਾ ਕੇ ਗੁਰੁ ਜੀ ਦੇ ਦਰਸ਼ਨ ਆਪ ਵੀ ਕੀਤੇ ਅਤੇ ਸੰਗਤਾਂ ਨੂੰ ਕਰਵਾਏ । ਇਸੇ ਨੂੰ ਲੈ ਕੇ ਗੁਰਦੁਆਰਾ ਸੰਨ ਸਾਹਿਬ ਮਸ਼ਹੂਰ ਹੋਇਆ ਤੇ ਅੱਜ ਵੀ ਦੂਰੋਂ-ਦੂਰੋਂ ਸੰਗਤਾਂ ਇਥੇ ਦਰਸ਼ਨ ਲਈ ਆਉਂਦੀਆਂ ਹਨ।