Learn about the : ਸ੍ਰੀ ਮੁਕਤਸਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਬਹੁਤ ਸਾਰੇ ਇਤਿਹਾਸਕ ਗੁਰਦੁਆਰੇ ਹਨ ਜਿਨ੍ਹਾਂ ਦੇ ਦਰਸ਼ਨ ਨੂੰ ਬਹੁਤ ਸਾਰੀਆਂ ਸੰਗਤਾਂ ਆਉਂਦੀਆਂ ਹਨ। ਇਨ੍ਹਾਂ ਗੁਰਦੁਆਰਿਆਂ ਦਾ ਸਬੰਧ ਸਿੱਖ ਇਤਿਹਾਸ ਨਾਲ ਵੀ ਹੈ। ਅਸੀਂ ਤੁਹਾਨੂੰ ਉਨ੍ਹਾਂ ਕੁਝ ਗੁਰਦੁਆਰਿਆਂ ਬਾਰੇ ਦੱਸਣਾ ਚਾਹੁੰਦੇ ਹਾਂ। ਗੁਰਦੁਆਰਾ ਮਾਈ ਭਾਗੋ: ਸਿੱਖ ਇਤਿਹਾਸ ਵਿੱਚ ਮਾਈ ਭਾਗੋ ਨੂੰ ਬਹੁਤ ਹੀ ਸਨਮਾਨਯੋਗ ਸਥਾਨ ਹਾਸਲ ਹੈ। ਮਾਈ ਭਾਗੋ ਜਿਨ੍ਹਾਂ ਦੀ ਪ੍ਰੇਰਨਾ ਅਤੇ ਅਗਵਾਈ ਸਦਕਾ ਹੀ ਗੁਰੂ ਜੀ ਦਾ ਸਾਥ ਛੱਡ ਗਏ ਸਿੰਘਾਂ ਨੇ ਇਸ ਅਸਥਾਨ ’ਤੇ ਯੁੱਧ ਕੀਤਾ ਅਤੇ ਵੀਰਗਤੀ ਪ੍ਰਾਪਤ ਕੀਤੀ ਸੀ। ਉਨ੍ਹਾਂ ਸਿੱਖਾਂ ਨੇ ਖਿਦਰਾਣੇ ਦੀ ਢਾਬ (ਮੁਕਤਸਰ) ਪਹੁੰਚ ਕੇ ਯੁੱਧ ਲ਼ੜਿਆ ਸੀ। ਇਸ ਯੁੱਧ ‘ਚ ਮਾਈ ਭਾਗੋ ਜੀ ਜ਼ਖਮੀ ਹੋ ਗਏ ਸਨ।
ਗੁਰਦੁਆਰਾ ਤੰਬੂ ਸਾਹਿਬ : ਇਹ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ‘ਚ ਹੈ। ਇਥੇ 40 ਮੁਕਤਿਆਂ ਨੇ ਯੁੱਧ ਲੜਨ ਤੋਂ ਪਹਿਲਾਂ ਮੁਗਲਾਂ ਦੀ ਫੌਜ ਦੇਖ ਕੇ ਝਾੜਾਂ ਤੇ ਕਰੀਰਾਂ ਦੇ ਝੁੰਡਾਂ ‘ਤੇ ਚਾਦਰਾਂ ਤੇ ਕੱਪੜੇ ਪਾ ਦਿੱਤੇ ਸਨ ਤਾਂ ਜੋ ਮੁਗਲਾਂ ਨੂੰ ਭੁਲੇਖੇ ‘ਚ ਪਾਇਆ ਜਾ ਸਕੇ ਕਿ ਉਨ੍ਹਾਂ ਦੀ ਫੌਜ ਜ਼ਿਆਦਾ ਹੈ।
ਗੁਰਦੁਆਰਾ ਟਿੱਬੀ ਸਾਹਿਬ: ਖਿਦਰਾਣਾ ਦੀ ਜੰਗ ਵੇਲੇ ਜੰਗੀ ਨੁਕਤਾ-ਏ-ਨਜ਼ਰ ਨੂੰ ਧਿਆਨ ਵਿੱਚ ਰੱਖਦਿਆਂ ਗੁਰੂ ਸਾਹਿਬ ਨੇ ਇੱਕ ਉੱਚੀ ਟਿੱਬੀ ’ਤੇ ਮੋਰਚਾ ਲਾਇਆ ਹੋਇਆ ਸੀ, ਜਿੱਥੋਂ ਉਹ ਫ਼ੌਜ ਦੀ ਕਮਾਂਡ ਵੀ ਸੰਭਾਲਦੇ ਸਨ ਅਤੇ ਆਪਣੇ ਤੀਰਾਂ ਦੀ ਵਰਖਾ ਨਾਲ ਦੁਸ਼ਮਣਾਂ ਨੂੰ ਭਾਜੜਾਂ ਵੀ ਪਾਉਂਦੇ ਸਨ। ਇਸ ਅਸਥਾਨ ’ਤੇ ਹੀ ਗੁਰਦੁਆਰਾ ਟਿੱਬੀ ਸਾਹਿਬ ਸੁਸ਼ੋਭਿਤ ਹੈ।ਇਹ ਗੁਰਦੁਆਰਾ ਸ਼ਹਿਰ ਤੋਂ ਦੋ ਕਿਲੋਮੀਟਰ ਦੂਰ ਹੈ।
ਗੁਰਦੁਆਰਾ ਸ਼ਹੀਦ ਗੰਜ ਸਾਹਿਬ: ਜੰਗ ਦੌਰਾਨ ਸ਼ਹੀਦ ਹੋਏ ਸਿੰਘਾਂ ਦਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਆਪਣੇ ਹੱਥੀਂ ਜਿਸ ਜਗ੍ਹਾ ’ਤੇ ਸਸਕਾਰ ਕੀਤਾ ਗਿਆ, ਉਸ ਜਗ੍ਹਾ ’ਤੇ ਇਹ ਗੁਰਦੁਆਰਾ ਸੁਸ਼ੋਭਿਤ ਹੈ। ਇਸ ਅਸਥਾਨ ’ਤੇ 12 ਫਰਵਰੀ (21 ਵਿਸਾਖ) ਤੋਂ 3 ਮਈ ਤੱਕ 40 ਮੁਕਤਿਆਂ ਦੀ ਯਾਦ ਵਿੱਖ ਅਖੰਡ ਪਾਠਾਂ ਦੀ ਲੜੀ ਸ਼ੁਰੂ ਕਰ ਕੇ ਭੋਗ ਪਾਏ ਜਾਂਦੇ ਹਨ। ਇੱਥੇ ਇੱਕ ਡਿਸਪੈਂਸਰੀ ਹੈ, ਜਿੱਥੇ ਗ਼ਰੀਬ ਲੋਕਾਂ ਦੀ ਮੁਫ਼ਤ ਸੇਵਾ ਕੀਤੀ ਜਾਂਦੀ ਹੈ। ਇੱਥੇ ਲੰਗਰ ਹਾਲ ਵੀ ਹੈ।
ਗੁਰਦੁਆਰਾ ਦਾਤਣਸਰ ਸਾਹਿਬ: ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਣਾਏ ਗਏ ਸਿੱਖੀ ਅਸੂਲਾਂ ਵਿੱਚ ਸਰੀਰ ਦੀ ਨਿਯਮਬੱਧ ਸਫ਼ਾਈ ਰੱਖਣਾ ਵੀ ਸ਼ਾਮਲ ਹੈ। ਗੁਰੂ ਜੀ ਨੇ ਲੜਾਈ ਦੇ ਕਠਿਨ ਸਮੇਂ ਵਿੱਚ ਵੀ ਆਪਣਾ ਨਿਤਨੇਮ ਨਹੀਂ ਛੱਡਿਆ। ਆਪਣੇ ਨਿਤਨੇਮ ਅਨੁਸਾਰ ਗੁਰੂ ਜੀ ਸਵੇਰੇ ਉੱਠ ਕੇ ਦਾਤਣ ਕੁਰਲਾ ਕਰਦੇ ਸਨ। ਇਸ ਅਸਥਾਨ ’ਤੇ ਹੀ ਗੁਰਦੁਆਰਾ ਦਾਤਣਸਰ ਸਾਹਿਬ ਸੁਸ਼ੋਭਿਤ ਹੈ। ਜੰਗ ਦੌਰਾਨ ਜਦੋਂ ਗੁਰੂ ਜੀ ਇੱਕ ਦਿਨ ਦਾਤਣ ਕਰ ਰਹੇ ਸਨ ਤਾਂ ਸੂਬਾ ਸਰਹੰਦ ਦਾ ਸਿਪਾਹੀ ਨੂਰਦੀਨ ਗੁਰੂ ਜੀ ਨੂੰ ਕਤਲ ਕਰਨ ਦੀ ਨੀਯਤ ਨਾਲ ਆਇਆ ਤੇ ਜੰਗੀ ਨਿਯਮਾਂ ਦੇ ਵਿਪਰੀਤ ਪਿੱਠ ਪਿੱਛੋਂ ਗੁਰੂ ਜੀ ’ਤੇ ਤਲਵਾਰ ਨਾਲ ਵਾਰ ਕਰ ਦਿੱਤਾ। ਹਰ ਸਮੇਂ ਤਿਆਰ ਰਹਿਣ ਵਾਲੇ ਗੁਰੂ ਜੀ ਨੇ ਆਪਣੇ ਹੱਥ ਵਿਚਲੇ ਸਰਬਲੋਹ ਦੇ ਗੜਵੇ ਦੇ ਇੱਕ ਵਾਰ ਨਾਲ ਹੀ ਨੂਰਦੀਨ ਨੂੰ ਚਿੱਤ ਕਰ ਦਿੱਤਾ। ਇਸ ਅਸਥਾਨ ’ਤੇ ਉਸ ਦੀ ਕਬਰ ਬਣੀ ਹੋਈ ਹੈ।