Ludhiana airport threatened : ਪੰਜਾਬ ਦੇ ਲੁਧਿਆਣਾ ਏਅਰਪੋਰਟ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਧਮਕੀ ਦੇਣ ਵਾਲੇ ਨੇ 24 ਘੰਟਿਆਂ ਵਿੱਚ 4 ਉਡਾਣਾਂ ਵਿੱਚ ਬੰਬ ਲਗਾਉਣ ਦੀ ਚਿਤਾਵਨੀ ਵੀ ਦਿੱਤੀ। ਧਮਕੀ ਭਰਿਆ ਫੋਨ ਏਅਰਪੋਰਟ ਦੇ ਮੈਨੇਜਰ ਨੂੰ ਆਇਆ। ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਹਵਾਈ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਦੇ ਮਾਮਲੇ ‘ਚ ਅਪਰਾਧਿਕ ਮਾਮਲਾ ਦਰਜ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਸਾਹਨੇਵਾਲ ਹਵਾਈ ਅੱਡੇ ‘ਤੇ ਤਾਇਨਾਤ ਸਹਾਇਕ ਪ੍ਰਬੰਧਕ ਪਵਨ ਕੁਮਾਰ ਪੁੱਤਰ ਰਜਿੰਦਰ ਸਿੰਘ ਦੀ ਸ਼ਿਕਾਇਤ ‘ਤੇ ਅਮਲ ‘ਚ ਲਿਆਂਦੀ ਗਈ ਹੈ। ਇਸ ਸਬੰਧੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ।
ਪੁਲਿਸ ਕੋਲ ਲਿਖਵਾਈ ਮੁੱਢਲੀ ਰਿਪੋਰਟ ‘ਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੇ ਦਿਨ ਉਹ ਆਪਣੇ ਦਫ਼ਤਰ ‘ਚ ਬੈਠਾ ਸੀ ਕਿ ਉਸ ਦੇ ਮੋਬਾਇਲ ਫੋਨ ‘ਤੇ ਇਕ ਨੌਜਵਾਨ ਦਾ ਫੋਨ ਆਇਆ ਜੋ ਕਿ ਆਪਣੇ ਆਪ ਨੂੰ ਨਵਦੀਪ ਉਰਫ਼ ਨਵੀ ਦੱਸ ਰਿਹਾ ਸੀ ਅਤੇ ਉਸ ਨੇ ਧਮਕੀ ਦਿੱਤੀ ਕਿ ਉਹ ਚਾਰ ਹਵਾਈ ਜਹਾਜ਼ਾਂ ਨੂੰ ਬੰਬ ਨਾਲ ਉਡਾ ਰਿਹਾ ਹੈ ਜੇਕਰ ਹੋ ਸਕਦਾ ਹੈ ਤਾਂ ਜਹਾਜ਼ਾਂ ਨੂੰ ਬਚਾ ਲਓ। ਪਵਨ ਕੁਮਾਰ ਨੇ ਇਹ ਸਾਰਾ ਮਾਮਲਾ ਪੁਲਿਸ ਅਧਿਕਾਰੀਆਂ ਦੇ ਧਿਆਨ ‘ਚ ਲਿਆਂਦਾ ਤਾਂ ਪੁਲਿਸ ਵਲੋਂ ਦੇਰ ਰਾਤ ਇਸ ਮਾਮਲੇ ‘ਚ ਕੇਸ ਦਰਜ ਕਰ ਲਿਆ। ਹਾਲ ਦੀ ਘੜੀ ਇਸ ਮਾਮਲੇ ‘ਚ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪਵਨ ਅਨੁਸਾਰ ਉਹ ਕਿਸੇ ਨਵਦੀਪ ਨੂੰ ਨਹੀਂ ਜਾਣਦਾ। ਫੋਨ ਮਿਲਣ ਤੋਂ ਬਾਅਦ ਪਵਨ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਸੂਚਨਾ ਮਿਲਣ ਤੋਂ ਬਾਅਦ ਏਅਰਪੋਰਟ ਦੀ ਸੁਰੱਖਿਆ ਸਖਤ ਕਰ ਦਿੱਤੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਹੁਣ ਦੋ ਹਫ਼ਤਿਆਂ ਬਾਅਦ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਹੁਣ ਤੱਕ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਕਾਲ ਇੱਕ ਸਾੱਫਟਵੇਅਰ ਤੋਂ ਲਏ ਨੰਬਰ ਤੋਂ ਕੀਤੀ ਗਈ ਹੈ। ਜਾਂਚ ਕੀਤੀ ਜਾ ਰਹੀ ਹੈ। ਜਲਦੀ ਹੀ ਫੋਨ ਕਰਨ ਵਾਲੇ ਦਾ ਵੀ ਪਤਾ ਲਗ ਜਾਵੇਗਾ।