Major action taken against employees : ਬਠਿੰਡਾ ਵਿੱਚ ਪਿਛਲੇ ਦਿਨੀਂ ਇੱਕ ਮਾਸੂਮ ਬੱਚੇ ਨੂੰ HIV ਪਾਜ਼ੀਟਿਵ ਬਲੱਡ ਚੜ੍ਹਾ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਵੱਡੀ ਕਾਰਵਾਈ ਕਰਦੇ ਹੋਏ ਸਿਹਤ ਮੰਤਰੀ ਪੰਜਾਬ ਬਲਬੀਰ ਸਿੱਧੂ ਦੇ ਹੁਕਮਾਂ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਦੋਸ਼ੀ ਪਾਏ ਗਏ 4 ਐਮਐਲਟੀ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਦੋਸ਼ੀਆਂ ਵਿੱਚ ਐਮਐਲਟੀ ਗੁਰਪ੍ਰੀਤ ਸਿੰਘ ਗੋਂਦਾਰਾ, ਗੁਰਪ੍ਰੀਤ ਸਿੰਘ ਘੁੰਮਣ, ਜਗਦੀਪ ਸਿੰਘ ਤੇ ਅਜੇ ਸ਼ਰਮਾਂ ਦੇ ਨਾਮ ਸ਼ਾਮਲ ਹਨ, ਜੋਕਿ ਠੇਕਾ ਅਧਾਰਤ ਮੁਲਾਜ਼ਮ ਸਨ।
ਸਿਹਤ ਮੰਤਰੀ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਦਿਆਂ ਬਾਕੀ ਮੁਲਾਜ਼ਮਾਂ ਨੂੰ ਸਖਤ ਤਾੜਨਾ ਕੀਤੀ ਹੈ ਕਿ ਮਰੀਜ਼ਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਦੱਸਣਯੋਗ ਹੈ ਕਿ ਬਠਿੰਡਾ ਦੇ ਇਸ ਹਸਪਤਾਲ ਵਿੱਚ ਪਿਛਲੇ ਦੋ ਮਹੀਨਿਆਂ ਵਿੱਚ ਚ ਪਹਿਲਾਂ ਚੌਥੀ ਵਾਰ ਗਲਤ ਖੂਨ ਚੜ੍ਹਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪਹਿਲਾਂ ਇੱਕ ਔਰਤ ,ਫੇਰ 7 ਸਾਲਾ ਬੱਚੀ ,ਫੇਰ 11 ਸਾਲਾ ਬੱਚਾ , ਤੇ ਫਿਰ 13 ਸਾਲਾ ਬੱਚੇ ਨੂੰ ਐਚ ਆਈ ਵੀ ਪੌਜ਼ਟਿਵ ਖੂਨ ਚੜ੍ਹਾਇਆ ਜਾ ਚੁੱਕਾ ਹੈ। ਬਲੱਡ ਬੈਂਕ ਦੇ ਕਰਮਚਾਰੀ ਨੇ ਇੱਕ ਬੱਚੇ ਨੂੰ ਜਾਣਬੁੱਝ ਕੇ ਸਾਜਿਸ਼ ਤਹਿਤ HIV ਪਾਜ਼ਿਟਿਵ ਖੂਨ ਚੜ੍ਹਾਉਣ ਦੇ ਦੋਸ਼ ਵਿੱਚ ਉਸ ਖਿਲਾਫ਼ ਕੇਸ ਦਰਜ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਉਥੇ ਹੀ ਹਸਪਤਾਲ ਵਿੱਚ ਇਸ ਤਰ੍ਹਾਂ ਦੇ ਲਾਪਰਵਾਹੀ ਵਾਲੇ ਮਾਮਲੇ ਸਾਹਮਣੇ ਆਉਣ ਨਾਲ ਜ਼ਿਲ੍ਹਾ ਨਿਵਾਸੀਆਂ ਵਿੱਚ ਇਥੇ ਇਲਾਜ ਨੂੰ ਲੈ ਕੇ ਭਰੋਸਾ ਉਠ ਰਿਹਾ ਹੈ, ਜਿਸਦੇ ਚੱਲਦਿਆਂ ਨਾ ਤਾਂ ਦਾਨੀ ਕੋਈ ਝੁਕਾਅ ਦਿਖਾ ਰਹੇ ਹਨ ਅਤੇ ਨਾ ਹੀ ਥੈਲੇਸੀਮੀਆ ਦੇ ਮਰੀਜ਼ਾਂ ਦੇ ਮਾਪੇ ਇਥੇ ਆਪਣਾ ਇਲਾਜ ਦੁਬਾਰਾ ਕਰਨਾ ਚਾਹੁੰਦੇ ਹਨ। ਥੈਲੇਸੀਮੀਆ ਤੋਂ ਪ੍ਰਭਾਵਿਤ ਬੱਚਿਆਂ ਦੇ ਮਾਪਿਆਂ ਨੇ ਏਮਜ਼, ਬਠਿੰਡਾ ਨੂੰ ਪੱਤਰ ਲਿਖ ਕੇ ਇਲਾਜ ਲਈ ਬੇਨਤੀ ਕੀਤੀ ਹੈ। ਪਿਛਲੇ 8 ਤੋਂ 10 ਮਹੀਨਿਆਂ ਦੌਰਾਨ ਇੱਥੇ ਬਹੁਤ ਸਾਰੇ ਮਰੀਜ਼ ਜਿਨ੍ਹਾਂ ਨੇ ਖੂਨ ਚੜ੍ਹਵਾਇਆ ਹੈ, ਨੇ ਆਪਣੇ ਆਪ ਦਾ ਟੈਸਟ ਕਰਵਾਉਣਾ ਸ਼ੁਰੂ ਕਰ ਦਿੱਤਾ ਹੈ। ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਮਨਜੀਤ ਸਿੰਘ ਨੇ ਕਿਹਾ, “ਸਿਹਤ ਵਿਭਾਗ ਵੱਲੋਂ ਬਣਾਈ ਗਈ ਇਕ ਜਾਂਚ ਕਮੇਟੀ ਨੇ ਆਪਣੀ ਰਿਪੋਰਟ ਪ੍ਰਮੁੱਖ ਸਕੱਤਰ ਨੂੰ ਅਤੇ ਅੱਗੇ ਸਿਹਤ ਮੰਤਰੀ ਨੂੰ ਸੌਂਪੀ ਹੈ।”