Makhan Shah Lubana : ਇੱਕ ਵਾਰ, ਇੱਕ ਗੁਰਸਿਖ ਵਪਾਰੀ ਮੱਖਣ ਸ਼ਾਹ ਲੁਬਾਣਾ ਦਾ ਜਹਾਜ਼ ਸਮੁੰਦਰ ਦੇ ਵਿੱਚ ਭਿਆਨਕ ਤੂਫਾਨ ਦੇ ਵਿੱਚ ਫਸ ਗਿਆ ਅਤੇ ਡੁੱਬਣ ਲੱਗਿਆ | ਜਦੋਂ ਜਹਾਜ਼ ਦੇ ਬਚਣ ਦਾ ਕੋਈ ਹੀਲਾ ਨਾ ਰਿਹਾ ਤਾਂ ਮੱਖਣ ਸ਼ਾਹ ਨੇ ਗੁਰੂ ਨਾਨਕ ਦੇ ਅੱਗੇ ਅਰਦਾਸ ਕਰ ਕੇ ਕਿਹਾ “ਸਚੇ ਪਾਤਸ਼ਾਹ ਮੇਰੇ ਜਹਾਜ਼ ਨੂੰ ਡੁੱਬਣ ਤੋਂ ਬਚਾ ਲਓ! ਮੈਂ ਆਪ ਜੀ ਨੂੰ ਪੰਜ ਸੌ (500) ਸੋਨੇ ਦੀਆਂ ਮੋਹਰਾਂ ਭੇਟ ਕਰਾਂਗਾ। ਗੁਰੂ ਪ੍ਰਤੱਖ ਹੋ ਗਏ ਅਤੇ ਆਪਣਾ ਮੋਢਾ ਦੇ ਕੇ ਜਹਾਜ਼ ਬਚਾ ਲਿਆ। ਅਚਾਨਕ ਭਿਆਨਕ ਤੂਫਾਨ ਥੰਮ ਗਿਆ ਅਤੇ ਜਹਾਜ਼ ਕੰਢੇ ਤੇ ਅਰਾਮ ਨਾਲ ਪਹੁੰਚ ਗਿਆ।
1665 ਵਿੱਚ ਮੱਖਣ ਸ਼ਾਹ ਲੁਬਾਣਾ ਆਪਣੀ ਸੁੱਖ ਪੂਰੀ ਕਰਨ ਲਈ ਬਾਬਾ ਬਕਾਲਾ ਪਹੁੰਚਿਆ। ਉਹ ਬਾਈ (22) ਗੁਰੁ ਬਿਰਾਜਮਾਨ ਦੇਖ ਕੇ ਹੈਰਾਨ ਰਹਿ ਗਿਆ ! ਅਸਲੀ ਗੁਰੂ ਕੌਣ ਹੈ ਅਤੇ ਉਹ ਆਪਣੀ ਭੇਟਾ ਕਿਸ ਨੂ ਭੇਟ ਕਰੇ ? ਪਰ ਉਹ ਹਰ ਇੱਕ ਗੁਰੂ ਨੂੰ ਦੋ ਦੋ (2) ਮੋਹਰਾਂ ਭੇਟ ਕਰਦਾ ਗਿਆ। ਪਾਖੰਡੀ ਗੁਰੂ ਮੋਹਰਾਂ ਪਰਵਾਨ ਕਰਦੇ ਗਏ । ਅਸਲੀ ਗੁਰੂ ਤਾਂ ਪੰਜ ਸੌ ਮੋਹਰਾਂ ਹੀ ਮੰਗੇਗਾ ! ਪਰ ਕਿਸੇ ਪਾਖੰਡੀ ਗੁਰੂ ਨੇ ਪੰਜ ਸੌ ਮੋਹਰਾਂ ਨਹੀਂ ਮੰਗੀਆਂ… ਸੱਚਾ ਗੁਰੂ ਨਾ ਮਿਲਿਆ ਤਾਂ ਮੱਖਣ ਸ਼ਾਹ ਨਿਰਾਸ਼ ਹੋ ਗਿਆ ! ਉਸ ਨੂੰਕਿਸੇ ਨੇ ਦੱਸਿਆ ਕਿ ਤੇਗ ਬਹਾਦਰ ਜੀ ਇਹਨਾ ਸਭ ਪਾਖੰਡਾਂ ਤੋਂ ਦੂਰ ਆਪਣੇ ਘਰ ਭੌਰੇ ਵਿੱਚ ਤੱਪਸਿਆ ਕਰ ਰਹੇ ਨੇ | ਮੱਖਣ ਸ਼ਾਹ ਨੇ ਜਦ ਉਹਨਾਂ ਅੱਗੇ ਦੋ ਮੋਹਰਾਂ ਭੇਟ ਕਰੀਆਂ ਤਾਂ ਗੁਰੂ ਜੀ ਨੇ ਅੱਖਾਂ ਖੋਲੀਆਂ ਤੇ ਮੁਸਕਰਾ ਕੇ ਕਿਹਾ ਕਿ ਗੁਰੂ ਦੇ ਸਿੱਖਾ, ਪੰਜ ਸੌ ਮੋਹਰਾਂ ਸੁੱਖ ਕੇ ਦੋ ਚੜ੍ਹਾ ਰਹੇ ਹੋ ! ਮੱਖਣ ਸ਼ਾਹ ਦੀ ਖੁਸ਼ੀ ਦੀ ਹੱਦ ਨਾ ਰਹੀ ਤੇ ਉਹ ਗੁਰੂ ਜੀ ਦੇ ਚਰਨ ਕਮਲਾਂ ‘ਤੇ ਨਤਮਸਤਕ ਹੋ ਗਿਆ ।
ਫਿਰ ਉਸਨੇ ਬਾਹਰ ਆ ਕੇ ਉੱਚੀ ਉੱਚੀ “ਗੁਰੂ ਲਾਧੋ ਰੇ! ਗੁਰੂ ਲਾਧੋ ਰੇ!” ਪੁਕਾਰਿਆ | ਇਹ ਖਬਰ ਸੁਣ ਕੇ ਗੁਰੂ ਦੇ ਸਿੱਖ ਗਦ ਗਦ ਹੋ ਉੱਠੇ ਅਤੇ ਗੁਰੂ ਜੀ ਦੇ ਘਰ ਅੱਗੇ ਇਕੱਤਰ ਹੋ ਗਏ । ਗੁਰੂ ਜੀ ਭੌਰੇ ਤੋਂ ਬਾਹਰ ਆ ਗਏ। ਦਿੱਲੀ ਤੋਂ ਇੱਕ ਸਿੱਖ ਪੰਜ ਪੈਸੇ ਤੇ ਨਾਰੀਅਲ ਲੈ ਕੇ ਪਹੁੰਚਿਆ ਹੋਇਆ ਸੀ, ਜੋ ਗੁਰੂ ਜੀ ਨੂੰ ਭੇਂਟ ਕੀਤਾ ਗਿਆ ਅਤੇ ਬਾਬਾ ਬੁਢਾ ਜੀ ਦੇ ਪੋਤਰੇ ਬਾਬਾ ਗੁਰਦਿੱਤਾ ਜੀ ਨੇ ਗੁਰੂ ਤੇਗ ਬਹਾਦਰ ਜੀ ਦੇ ਤਿਲਕ ਲਗਾ ਕੇ ਉਨ੍ਹਾਂ ਨੂੰ ਗੁਰੂ ਸਾਜਿਆ।