Mandis will cease : ਜਲੰਧਰ : ਅੱਜ ਨਕੋਦਰ ਵਿਖੇ ਪੰਜਾਬ ਕਾਂਗਰਸ ਦੇ ਕੇਂਦਰੀ ਇੰਚਾਰਜ ਹਰੀਸ਼ ਰਾਵਤ ਟਰੈਕਟਰ ਰੈਲੀ ‘ਚ ਸ਼ਾਮਲ ਹੋਣ ਲਈ ਪੁੱਜੇ ਹੋਏ ਹਨ। ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਕਾਂਗਰਸ ਹਰ ਕਦਮ ‘ਤੇ ਉਨ੍ਹਾਂ ਨਾਲ ਹੈ। ਕਾਂਗਰਸ ਦੇ ਹਲਕਾ ਇੰਚਾਰਜ ਜਗਬੀਰ ਬਰਾੜ ਵੀ ਉਥੇ ਮੌਜੂਦ ਰਹੇ। ਉਨ੍ਹਾਂ ਨੇ ਕਿਹਾ ਕਿ ਜੇਕਰ ਨਵੇਂ ਕਾਨੂੰਨ ਲਾਗੂ ਹੁੰਦੇ ਹਨ ਤਾਂ ਮੰਡੀਆਂ ਦਾ ਵਜੂਦ ਖਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਖਤਮ ਹੁੰਦਾ ਹੈ ਤਾਂ ਕੋਈ ਨਹੀਂ ਬਚੇਗਾ। ਜਦੋਂ ਫਸਲ ਹੀ ਨਹੀਂ ਹੋਵੇਗੀ ਤਾਂ ਖਾਣ ਨੂੰ ਕੁਝ ਨਹੀਂ ਹੋਵੇਗਾ। ਜੀਵਨ ਵੀ ਨਹੀਂ ਬਚੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਦਾ ਸਟੈਂਡ ਕਿਸਾਨਾਂ ਦੇ ਨਾਲ ਹੈ ਤੇ ਆਖਰੀ ਦਮ ਤੱਕ ਰਹੇਗਾ।
ਬਰਾੜ ਨੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦਾ ਨਕੋਦਰ ਪੁੱਜਣ ‘ਤੇ ਸਵਾਗਤ ਕੀਤਾ। ਬਰਾੜ ਨੇ ਕਿਹਾ ਕਿ ਹਰੀਸ਼ ਰਾਵਤ ਇਸ ਸਮੇਂ ਪੰਜਾਬ ਕਾਂਗਰਸ ‘ਚ ਜਾਨ ਫੂਕਣ ਦੀ ਕੋਸ਼ਿਸ਼ ਕਰ ਰਹੇ ਹਨ ਤੇ ਸਾਰਿਆਂ ਨੂੰ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ। ਰਾਵਤ ਬਾਅਦ ‘ਚ ਕਾਂਗਰਸ ਭਵਨ ‘ਚ ਜਲੰਧਰ ਸ਼ਹਿਰੀ ਤੇ ਦਿਹਾਤੀ ਦੇ ਵਰਕਰਾਂ ਨਾਲ ਮੁਲਾਕਾਤ ਵੀ ਕਰਨਗੇ। ਹਰੀਸ਼ ਰਾਵਤ ਇਸ ਸਮੇਂ ਪੰਜਾਬ ਦੇ ਤਿੰਨ ਦਿਨਾਂ ਦੌਰੇ ‘ਤੇ ਆਏ ਹੋਏ ਹਨ। ਇਸ ਟਰੈਕਟਰ ਰੈਲੀ ਦਾ ਆਯੋਜਨ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕੀਤਾ ਗਿਆ ਹੈ ਤੇ ਇਸ ਤੋਂ ਪਹਿਲਾਂ ਵੀ ਹਰੀਸ਼ ਰਾਵਤ ਟਰੈਕਟਰ ਰੈਲੀ ‘ਚ ਸ਼ਾਮਲ ਹੋਣ ਲਈ ਪੰਜਾਬ ਆ ਚੁੱਕੇ ਹਨ।
ਇਥੇ ਇਹ ਵੀ ਦੱਸਣਯੋਗ ਹੈ ਕਿ ਕਾਂਗਰਸੀ ਆਗੂਆਂ ਨਾਲ ਮੀਟਿੰਗ ਤੋਂ ਬਾਅਦ ਉਹ ਚੰਡੀਗੜ੍ਹ ਲਈ ਰਵਾਨਾ ਹੋਣਗੇ। ਪਿਛਲੇ ਮਹੀਨੇ ਵੀ ਰਾਵਤ ਕਾਂਗਰਸ ਵਿੱਚ ਪਈ ਫੁੱਟ ਨੂੰ ਹੱਲ ਕਰਨ ਦੇ ਮਕਸਦ ਨਾਲ ਅਤੇ ਰਾਹੁਲ ਗਾਂਧੀ ਵਾਲੀ ਟਰੈਕਟਰ ਰੈਲੀ ਵਿੱਚ ਸ਼ਮੂਲੀਅਤ ਕਰਨ ਪੰਜਾਬ ਪਹੁੰਚੇ ਸਨ, ਜਿਥੇ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਕਾਂਗਰਸ ਦੀ ਰੈਲੀ ਵਿੱਚ ਸ਼ਾਮਲ ਹੋਣ ਲਈ ਰਾਜ਼ੀ ਕੀਤਾ ਸੀ, ਹਾਲਾਂਕਿ ਇਸ ਰੈਲੀ ਵਿੱਚ ਸਿੱਧੂ ਤੇ ਕਾਂਗਰਸ ਸਰਕਾਰ ਵਿਚਾਲੇ ਮੁੜ ਮਤਭੇਦ ਹੋ ਗਏ ਸਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਵਿਚਲੇ ਮਤਭੇਦਾਂ ਨੂੰ ਵੀ ਕਾਂਗਰਸ ਇੰਚਾਰਜ ਹਰੀਸ਼ ਰਾਵਤ ਵੱਲੋਂ ਹੱਲ ਕਰ ਦਿੱਤਾ ਗਿਆ ਹੈ।