Massive tractor rally : ਦਿੱਲੀ ਬਾਰਡਰ ‘ਤੇ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। 26 ਜਨਵਰੀ ਨੂੰ ਕਿਸਾਨਾਂ ਵੱਲੋਂ ਵੱਡੇ ਪੱਧਰ ‘ਤੇ ਟਰੈਕਟਰ ਰੈਲੀ ਕੱਢਣ ਦਾ ਐਲਾਨ ਕੀਤਾ ਗਿਆ ਹੈ। ਅੱਜ ਬਟਾਲਾ ਵਿਖੇ ਕਿਸਾਨ ਮਜ਼ਦੂਰ ਏਕਤਾ ਯੂਨੀਅਨ ਅਤੇ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਨੇ 26 ਜਨਵਰੀ ਨੂੰ ਹੋਣ ਜਾ ਰਹੀ ਟਰੈਕਟਰ ਰੈਲੀ ਦੇ ਸਮਰਥਨ ਵਿੱਚ ਸ਼ਨੀਵਾਰ ਨੂੰ ਬਟਾਲਾ ਵਿੱਚ ਇੱਕ ਟਰੈਕਟਰ ਮਾਰਚ ਕੱਢ ਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ। ਇਸ ਰੈਲੀ ਵਿੱਚ ਸੌ ਤੋਂ ਵੱਧ ਟਰੈਕਟਰ-ਟਰਾਲੀ ਕਿਸਾਨ, ਔਰਤਾਂ ਅਤੇ ਛੋਟੇ ਬੱਚੇ ਵੀ ਸ਼ਾਮਲ ਹੋਏ। ਇੰਨੀ ਵੱਡੀ ‘ਚ ਟਰੈਕਟਰ-ਟਰਾਲੀ ਕਾਰਨ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਲਈ ਸਖਤ ਪ੍ਰਬੰਧ ਕੀਤੇ ਗਏ ਸਨ।
ਸਭ ਤੋਂ ਪਹਿਲਾਂ ਕਿਸਾਨਾਂ ਨੇ ਦਿੱਲੀ ਵਿਖੇ ਧਰਨੇ ‘ਤੇ ਬੈਠੇ ਕਿਸਾਨਾਂ ਦੀ ਸਲਾਮਤੀ ਲਈ ਵਾਹਿਗੁਰੂ ਅੱਗੇ ਅਰਦਾਸ ਕੀਤੀ। ਟਰੈਕਟਰ ਮਾਰਚ ਬਟਾਲਾ ਦੇ ਕਾਦੀਆਂ ਟੋਲ ਪਲਾਜ਼ਾ ਵਿਖੇ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਗਿਆ। ਮਾਰਚ ਦਾ ਸਵਾਗਤ ਕਰਨ ਵਾਲਿਆਂ ਵਿੱਚ ਸਾਬਕਾ ਚੇਅਰਮੈਨ ਮਲਕੀਤ ਸਿੰਘ, ਸੁਖਵਿਦਰ ਸਿੰਘ ਅਤੇ ਗੁਰਇੰਦਰਜੀਤ ਸਿੰਘ ਸ਼ਾਮਲ ਸਨ। ਅਸੀਂ ਲੰਬੇ ਸਮੇਂ ਤੋਂ ਸ਼ਾਂਤੀ ਨਾਲ ਲੜ ਰਹੇ ਹਾਂ ਤਾਂ ਕਿ ਕੇਂਦਰ ਸਰਕਾਰ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਲੈ ਲਵੇ। ਪਰ ਸਰਕਾਰ ਵੱਲੋਂ ਅਜੇ ਤੱਕ ਕੋਈ ਹੱਲ ਨਹੀਂ ਕੱਢਿਆ ਗਿਆ ਜਿਸ ਕਾਰਨ ਕਿਸਾਨਾਂ ਦਾ ਸਰਕਾਰ ਪ੍ਰਤੀ ਰੋਹ ਵਧਦਾ ਜਾ ਰਿਹਾ ਹੈ।
ਸੁਪਰੀਮ ਕੋਰਟ ਵੱਲੋਂ ਬਣਾਈ ਕਮੇਟੀ ਦੇ ਮੈਂਬਰ ਪਹਿਲਾਂ ਤੋਂ ਹੀ ਕਾਨੂੰਨ ਸਮਰਥਕ ਹਨ। ਕੱਲ੍ਹ ਹੋਈ ਬੈਠਕ ਵੀ ਬੇਸਿੱਟਾ ਰਹੀ ਤੇ ਹੁਣ ਅਗਲੀ ਮੀਟਿੰਗ 19 ਜਨਵਰੀ ਨੂੰ ਹੋਣ ਜਾ ਰਹੀ ਹੈ। ਗਾਂਧੀ ਚੌਕ ਤੋਂ ਡੇਰਾ ਰੋਡ, ਬਾਈਪਾਸ ਗੁਰਦਾਸਪੁਰ ਰੋਡ, ਕਾਹਨੂੰਵਾਨ ਰੋਡ ਚੌਕ ਤੋਂ ਕਾਦੀਆਂ ਵਿਖੇ ਟਰੈਕਟਰ ਮਾਰਚ ਕੱਢਿਆ ਗਿਆ। ਇਸ ਮੌਕੇ ਸਰਪੰਚ ਸੁਲੱਖਣ ਸਿੰਘ, ਬਿਕਰਮਜੀਤ ਸਿੰਘ, ਰਣਜੋਧ ਸਿੰਘ, ਕਰਨੈਲ ਸਿੰਘ, ਗੁਰਮੇਜ ਸਿੰਘ ਬੁੱਟਰ, ਖੁਸ਼ਹਾਲ ਸਿੰਘ, ਹਰਜੀਤ ਸਿੰਘ, ਰੁਪਿਦਰ ਸਿੰਘ, ਜਥੇਦਾਰ ਗੁਰਵਿਦਰ ਸਿੰਘ ਸ਼ਾਮਪੁਰਾ, ਹਰਜੀਤ ਸਿੰਘ ਆਦਿ ਹਾਜ਼ਰ ਸਨ। ਕੱਲ੍ਹ ਹੋਈ ਬੈਠਕ ‘ਚ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾ ਸਕਦੇ ਤੇ ਦੂਜੇ ਪਾਸੇ ਕਿਸਾਨ ਸੰਗਠਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਖੇਤੀ ਕਾਨੂੰਨ ਤਾਂ ਰੱਦ ਕਰਨੇ ਹੀ ਪੈਣਗੇ।