Missing soldier Palwinder Singh : ਲੁਧਿਆਣਾ : ਹਲਕਾ ਸਮਰਾਲਾ ਦੇ ਪਿੰਡ ਢੀਡਸਾ ਦੇ ਸਰਹੱਦ ’ਤੇ ਦੇਸ਼ ਦੀ ਰਾਖੀ ਲਈ ਕਾਰਗਿਲ ਵਿਚ ਤਾਇਨਾਤ ਫੌਜੀ ਪਲਵਿੰਦਰ ਸਿੰਘ ਦੀ ਜੀਪ ਪਿਛਲੇ ਦਿਨੀਂ ਡਿਊਟੀ ਦੌਰਾਨ ਦਰਾਸ ਨਦੀ ਵਿਚ ਡਿੱਗ ਗਈ, ਜਿਸ ਵਿਚ ਉਨ੍ਹਾਂ ਨਾਲ ਇਕ ਸਾਥੀ ਵੀ ਸੀ। ਉਨ੍ਹਾਂ ਦੋਹਾਂ ਫੌਜੀਆਂ ਦੀ ਪਿਛਲੇ 17 ਦਿਨਾਂ ਤੋਂ ਭਾਲ ਕੀਤੀ ਜਾ ਰਹੀ ਸੀ, ਜਿਨ੍ਹਾਂ ਦੀਆਂ ਲਾਸ਼ਾਂ ਅੱਜ ਨਦੀ ਵਿਚੋਂ ਕੱਢੀਆਂ ਗਈਆਂ ਹਨ, ਜਿਸ ਨਾਲ ਉਨ੍ਹਾਂ ਦੇ ਪਰਿਵਾਰਾਂ ਆਖਰੀ ਉਮੀਦ ਵੀ ਟੁੱਟ ਗਈ ਹੈ। ਡਿਊਟੀ ਦੌਰਾਨ ਸ਼ਹੀਦ ਹੋਏ ਇਸ ਬਹਾਦਰ ਫੌਜੀ ਦਾ ਕੱਲ੍ਹ ਸ਼ੁੱਕਰਵਾਰ ਨੂੰ ਉਸ ਦੇ ਨਾਨਕੇ ਪਿੰਡ ਰਾਮਪੁਰ ਵਿਚ ਪੂਰੇ ਫੌਜੀ ਤੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਦੀਆਂ ਰਸਮਾਂ ਨਿਭਾਈਆਂ ਜਾਣਗੀਆਂ।
ਦੱਸਣਯੋਗ ਹੈ ਕਿ ਬੀਤੀ 22 ਜੂਨ ਨੂੰ ਪਲਵਿੰਦਰ ਸਿੰਘ ਡਿਊਟੀ ਦੌਰਾਨ ਆਪਣੀ ਜੀਪ ਵਿਚ ਮੀਨਾ ਮਾਰਗ ਤੋਂ ਦਰਾਸ ਵੱਲ ਜਾ ਰਿਹਾ ਸੀ। ਉਸ ਨਾਲ ਉਸ ਦਾ ਇਕ ਹੋਰ ਅਫਸਰ ਸਾਥੀ ਲੈਫਟੀਨੈਂਟ ਸ਼ੁਭਾਨ ਅਲੀ ਵੀ ਮੌਜੂਦ ਸੀ। ਅਚਾਨਕ ਉਨ੍ਹਾਂ ਦੀ ਜੀਪ ਦਰਾਸ ਨਦੀ ਵਿਚ ਡਿੱਗ ਗਈ। ਫੌਜ ਦੀਆਂ ਟੀਮਾਂ ਲਗਾਤਾਰ ਉਨ੍ਹਾਂ ਦੀ ਭਾਲ ਕਰ ਰਹੀਆਂ ਸਨ ਪਰ ਉਨ੍ਹਾਂ ਦਾ ਕੁਝ ਵੀ ਪਤਾ ਨਹੀਂ ਚੱਲ ਰਿਹਾ ਸੀ, ਹਾਲਾਂਕਿ ਨਦੀ ਵਿਚੋਂ ਜੀਪ ਨੂੰ ਕੱਢ ਲਿਆ ਗਿਆ ਸੀ। ਉਨ੍ਹਾਂ ਦਾ ਕੁਝ ਵੀ ਪਤਾ ਨਾ ਲੱਗਣ ਕਾਰਨ ਪਰਿਵਾਰ ਨੂੰ ਇਕ ਉਮੀਦ ਸੀ ਕਿ ਉਨ੍ਹਾਂ ਦੇ ਪੁੱਤਰ ਸ਼ਾਇਦ ਸਹੀ-ਸਲਾਮਤ ਘਰ ਆ ਜਾਣ ਪਰ ਅੱਜ ਉਨ੍ਹਾਂ ਦੀਆਂ ਲਾਸ਼ਾਂ ਮਿਲਣ ਨਾਲ ਉਨ੍ਹਾਂ ਦੀ ਇਹ ਆਖਰੀ ਉਮੀਦ ਵੀ ਖਤਮ ਹੋ ਗਈ।
ਦੱਸਣਯੋਗ ਹੈ ਕਿ ਸ਼ਹੀਦ ਪਲਵਿੰਦਰ ਸਿੰਘ ਦੇ ਪਿਤਾ ਵੀ ਇਕ ਰਿਟਾਇਰਡ ਫੌਜੀ ਸਨ। ਉਹ 2010 ’ਚ ਭਾਰਤੀ ਫੌਜ ਵਿਚ ਭਰਤੀ ਹੋਇਆ ਸੀ ਤੇ ਕਾਰਗਿਲ ਸੈਕਟਰ ਵਿਚ ਡਿਊਟੀ ’ਤੇ ਤਾਇਨਾਤ ਸੀ। ਅਜੇ ਤੱਕ ਉਨ੍ਹਾਂ ਦਾ ਕੁਝ ਵੀ ਪਤਾ ਨਾ ਲੱਗਣ ਕਰਕੇ ਪਰਿਵਾਰ ਵੱਲੋਂ ਪ੍ਰਮਾਤਮਾ ਅੱਗੇ ਲਗਾਤਾਰ ਅਰਦਾਸਾਂ ਕੀਤੀਆਂ ਜਾ ਰਹੀਆਂ ਸਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਲਾਪਤਾ ਫੌਜੀਆਂ ਦੀ ਸੁਰੱਖਿਅਤ ਵਾਪਸੀ ਲਈ ਅਰਦਾਸ ਕੀਤੀ ਸੀ।