MLA Sushil Rinku : ਜਿਲ੍ਹਾ ਜਲੰਧਰ ਦੇ ਵਿਧਾਇਕ ਸੁਸ਼ੀਲ ਰਿੰਕੂ ਦੀ ਕਾਰ ਅੱਜ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਦੁਰਘਟਨਾ ਜਿਲ੍ਹਾ ਨਵਾਂਸ਼ਹਿਰ ਦੇ ਪਿੰਡ ਜਾਡਲਾ ਕੋਲ ਹੋਇਆ ਹੈ। ਵਿਧਾਇਕ ਸਵੇਰੇ ਜਲੰਧਰ ਤੋਂ ਚੰਡੀਗੜ੍ਹ ਲਈ ਗਏ ਸਨ ਕਿ ਅਚਾਨਕ ਰਸਤੇ ‘ਚ ਉਨ੍ਹਾਂ ਦੀ ਕਾਰ ਇੱਕ ਟਰੈਕਟਰ-ਟਰਾਲੀ ਨਾਲ ਟਕਰਾ ਗਈ। ਇਸ ਹਾਦਸੇ ‘ਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਵਿਧਾਇਕ ਰਿੰਕੂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਪਰ ਡਰਾਈਵਰ ਤੇ ਗੰਨਮੈਨ ਦੀ ਹਾਲਤ ਗੰਭੀਰ ਹੈ। ਸਾਰਿਆਂ ਨੂੰ ਨਵਾਂਸ਼ਹਿਰ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।
ਹਾਦਸੇ ਲਗਭਗ 10.30 ਵਜੇ ਨਵਾਂਸ਼ਹਿਰ ਜਿਲ੍ਹੇ ਦੇ ਪਿੰਡ ਜਾਡਲਾ ਵਿਖੇ ਵਾਪਰਿਆ। ਵਿਧਾਇਕ ਸੁਸ਼ੀਲ ਰਿੰਕੂ ਦੀ ਫਾਰਚੂਨਰ ਗੱਡੀ ਸੜਕ ‘ਤੇ ਜਾ ਰਹੀ ਸੀ ਕਿ ਇਸੇ ਦੌਰਾਨ ਇੱਕ ਟਰੈਕਟਰ-ਟਰਾਲੀ ਅਚਾਨਕ ਸੜਕ ‘ਤੇ ਆ ਗਈ। ਇਸ ਤੋਂ ਪਹਿਲਾਂ ਕਿ ਕੁਝ ਸਮਝ ਆਉਂਦਾ ਕਾਰ ਟਰੈਕਟਰ-ਟਰਾਲੀ ਨਾਲ ਟਕਰਾ ਗਈ। ਫਰੰਟ ਸੀਟ ‘ਤੇ ਬੈਠੇ ਵਿਧਾਇਕ ਸੁਸ਼ੀਲ ਰਿੰਕੂ ਦੇ ਸੀਨੇ ‘ਤੇ ਸੱਟਾਂ ਲੱਗੀਆਂ ਹਨ ਜਦੋਂ ਕਿ ਡਰਾਈਵਰ ਵਿੱਕੀ ਦੀ ਲੱਤ ‘ਤੇ ਗੰਭੀਰ ਸੱਟ ਵੱਜੀ ਹੈ ਤੇ ਨਾਲ ਹੀ ਗੰਨਮੈਨ ਵੀ ਗੰਭੀਰ ਜ਼ਖਮੀ ਹੈ।
ਵਿਧਾਇਕ ਨੇ ਸੀਟ ਬੈਲਟ ਲਗਾ ਕੇ ਰੱਖੀ ਹੋਈ ਸੀ ਜਿਸ ਕਾਰਨ ਉਨ੍ਹਾਂ ਦਾ ਬਚਾਅ ਹੋ ਗਿਆ। ਕਾਰ ਬਹੁਤ ਬੁਰੀ ਤਰ੍ਹਾਂ ਨੁਕਸਾਨੀ ਗਈ। ਵਿਧਾਇਕ ਸੁਸ਼ੀਲ ਰਿੰਕੂ ਨਵਾਂਸ਼ਹਿਰ ਤੋਂ ਜਲੰਧਰ ਲਈ ਰਵਾਨਾ ਹੋ ਗਏ ਹਨ। ਹਸਪਤਾਲ ‘ਚ ਉਨ੍ਹਾਂ ਦੇ ਸਾਰੇ ਟੈਸਟ ਤੇ ਐਕਸਰੇ ਕਰ ਲਏ ਗਏ ਹਨ ਤੇ ਨਵਾਂਸ਼ਹਿਰ ‘ਚ ਉਨ੍ਹਾਂ ਦਾ ਹਾਲ ਪਤਾ ਕਰਨ ਲਈ ਉਨ੍ਹਾਂ ਦੀ ਪਤਨੀ ਸੁਨੀਤਾ ਰਿੰਕੂ, ਮੇਜਰ ਸਿੰਘ ਤੇ ਡਾਇਰੈਕਟਰ ਮਲਵਿੰਦਰ ਸਿੰਘ ਲੱਕੀ ਵੀ ਪਹੁੰਚੇ ਸਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਂਵਾਲੀ ਵੀ ਮੌਕੇ ‘ਤੇ ਪਹੁੰਚ ਗਏ। ਡਾਇਰੈਕਟਰ ਤੇ ਕੌਂਸਲਰ ਜਗਦੀਸ਼ ਸਮਰਾਏ ਵੀ ਨਵਾਂਸ਼ਹਿਰ ਦੇ ਹਸਪਤਾਲ ਪਹੁੰਚ ਗਏ ਸਨ। ਮੋੜ ‘ਤੇ ਬਣੇ ਕੱਟ ਗਲਤ ਸਾਈਡ ਤੋਂ ਆ ਰਹੀ ਟਰੈਕਟਰ-ਟਰਾਲੀ ਹਾਦਸੇ ਦਾ ਕਾਰਨ ਬਣੀ ਹੈ। ਹਾਈਵੇ ‘ਤੇ ਕਈ ਕੱਟ ਬਣੇ ਹੋਏ ਹਨ ਜਿਸ ਕਾਰਨ ਗਲਤ ਸਾਈਡ ਤੋਂ ਆ ਰਹੇ ਵਾਹਨਾਂ ਕਾਰਨ ਦੁਰਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ।