Mohali Police exposes : ਮੋਹਾਲੀ ਪੁਲਿਸ ਨੇ ਆਈਪੀਐੱਲ ’ਤੇ ਆਨਲਾਈਨ ਸੱਟਾ ਲਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕਰਦਿਆਂ ਦੋ ਮੁਲਜ਼ਮਾਂ ਵਿਪਨ ਕੁਮਾਰ ਵਾਸੀ ਪਟੇਲ ਨਗਰ ਹਿਸਾਰ ਤੇ ਰਾਕੇਸ਼ ਮਨਚੰਦਾ ਉਰਫ਼ ਰਿੰਕੂ ਵਾਸੀ ਫਰੀਦਾਬਾਦ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਤਾਰੁਸ਼ ਧਵਨ ਵਾਸੀ ਗਾਂਧੀ ਨਗਰ, ਕੈਥਲ ਅਤੇ ਮਲਕੀਤ ਸਿੰਘ ਉਰਫ਼ ਅਮਨ ਵਾਸੀ ਬਟਾਲਾ (ਗੁਰਦਾਸਪੁਰ) ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਪਰ ਫਿਲਹਾਲ ਦੋਵੇਂ ਫ਼ਰਾਰ ਦੱਸੇ ਜਾ ਰਹੇ ਹਨ।
ਮਿਲੀ ਗੁਪਤ ਸੂਚਨਾ ਦੇ ਆਧਾਰ ‘ਤੇ ਪੁਲਿਸ ਨੂੰ ਪਤਾ ਲੱਗਾ ਸੀ ਕਿ ਸੈਕਟਰ-70 ਸਥਿਤ ਹੋਮਲੈਂਡ ਸੁਸਾਇਟੀ ਦੇ ਫਲੈਟ ਵਿੱਚ ਆਈਪੀਐੱਲ ’ਤੇ ਆਨਲਾਈਨ ਸੱਟਾ ਲਾਇਆ ਜਾ ਰਿਹਾ ਹੈ। ਪੁਲਿਸ ਨੇ ਛਾਪੇਮਾਰੀ ਕਰਕੇ ਮੁਲਾਜ਼ਮਾਂ ਨੂੰ ਰੰਗੇ ਹੱਥੀ ਕਾਬੂ ਕਰ ਲਿਆ। ਦੋਸ਼ੀ ਮਾਸੂਮ ਲੋਕਾਂ ਨੂੰ ਝਾਂਸਾ ਦੇ ਕੇ ਧੋਖਾਦੇਹੀ ਕਰ ਰਹੇ ਸਨ ਅਤੇ ਇਹ ਲੋਕ ਵੱਡੇ ਪੱਧਰ ’ਤੇ ਨਸ਼ਾ ਸਮਗਲਿੰਗ ਦਾ ਕੰਮ ਵੀ ਕਰਦੇ ਹਨ। ਦੋਸ਼ੀਆੰ ਕੋਲੋਂ ਚਾਰ ਲੈਪਟਾਪ, 14 ਮੋਬਾਈਲ, ਇੱਕ ਫੋਨ ਲੈਂਡਿੰਗ ਮਸ਼ੀਨ ਸਮੇਤ 2 ਕਰੋੜ 85 ਲੱਖ ਰੁਪਏ ਕੀਮਤ ਦੀ 570 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਹ ਵੀ ਪਤਾ ਲੱਗਾ ਹੈ ਕਿ ਮੁਲਜ਼ਮ ਦੋ ਮਹੀਨੇ ਤੋਂ ਹੋਮਲੈਂਡ ਸੁਸਾਇਟੀ ਵਿੱਚ ਰਹਿ ਰਹੇ ਸਨ। ਇਥੋਂ ਉਹ ਹੁਣ ਤੱਕ 30-35 ਮੈਚਾਂ ਲਈ ਸੱਟਾ ਲਗਾ ਚੁੱਕੇ ਹਨ। ਇੱਕ ਮੈਚ ’ਤੇ ਉਹ ਲਗਭਗ 4 ਤੋਂ 5 ਕਰੋੜ ਦਾ ਸੱਟਾ ਲਗਾਉਂਦੇ ਸਨ। ਪੁਲਿਸ ਵੱਲੋਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।