Money coming to : ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਪ੍ਰਦਰਸ਼ਨ ਅੱਜ 25ਵੇਂ ਦਿਨ ‘ਚ ਦਾਖਲ ਹੋ ਗਿਆ ਹੈ। ਕੜਾਕੇ ਦੀ ਠੰਡ ‘ਚ ਵੀ ਕਿਸਾਨ ਸਿੰਘੂ, ਟਿਕਰੀ ਬਾਰਡਰ ‘ਤੇ ਡਟੇ ਹੋਏ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਉਦੋਂ ਤੱਕ ਇਥੇ ਡਟੇ ਰਹਿਣਗੇ ਜਦੋਂ ਤੱਕ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ। ਇਸ ਦਰਮਿਆਨ ਕਿਸਾਨਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਵੀ ਪੇਸ਼ ਆ ਰਹੀਆਂ ਹਨ ਪਰ ਇਨ੍ਹਾਂ ਸਭ ਦੇ ਬਾਵਜੂਦ ਉਹ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦੇ ਹੌਸਲੇ ਅੱਜ ਵੀ ਬੁਲੰਦ ਹਨ। ਕਿਸਾਨਾਂ ਦੇ ਅੰਦੋਲਨ ਨੂੰ ਦੇਸ਼ਾਂ ਤੇ ਵਿਦੇਸ਼ਾਂ ਤੋਂ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਵਿਦੇਸ਼ਾਂ ‘ਚ ਬੈਠੇ ਅੰਨਦਾਤਿਆਂ ਦੇ ਭਰਾ ਉਨ੍ਹਾਂ ਨੂੰ ਵਿੱਤੀ ਮਦਦ ਵੀ ਭੇਜ ਰਹੇ ਹਨ ਜਿਸ ‘ਤੇ ਹੁਣ ਸਰਕਾਰ ਦੀ ਨਜ਼ਰ ਹੈ।
ਕਿਸਾਨ ਜਥੇਬੰਦੀਆਂ ਨਾਲ ਜੁੜੀ ਇੱਕ ਅਹਿਮ ਖਬਰ ਇਹ ਵੀ ਹੈ ਕਿ ਵਾਰ-ਵਾਰ ਕਿਸਾਨਾਂ ਤੋਂ ਸਵਾਲ ਪੁੱਛੇ ਜਾ ਰਹੇ ਹਨ ਕਿ ਅੰਨਦਾਤਿਆਂ ਕੋਲੋਂ ਇੰਨਾ ਪੈਸਾ ਕਿਥੋਂ ਆ ਰਿਹਾ ਹੈ। ਫੰਡ ਕਿਥੋਂ ਆ ਰਿਹਾ ਹੈ। ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵਿਦੇਸ਼ਾਂ ਤੋਂ ਮਿਲ ਰਹੇ ਫੰਡ ਕਾਰਨ ਵੀ ਭਾਰਤ ਸਰਕਾਰ ਦੇ ਨਿਸ਼ਾਨੇ ‘ਤੇ ਆ ਗਈਆਂ ਹਨ, ਜਿਸ ਕਾਰਨ ਬੈਂਕ ਅਧਿਕਾਰੀਆਂ ਨੇ ਕਿਸਾਨ ਜਥੇਬੰਦੀਆਂ ਨੂੰ ਚੌਕਸ ਕਰ ਦਿੱਤਾ ਹੈ।
ਇਥੇ ਇਹ ਵੀ ਦੱਸਣਯੋਗ ਹੈ ਕਿ ਕਿਸਾਨਾਂ ਖਿਲਾਫ ਇਹ ਕਾਰਵਾਈ ਸਰਕਾਰ ਵੱਲੋਂ ਕਰਵਾਈ ਜਾ ਰਹੀ ਹੈ। ਵਿਦੇਸ਼ਾਂ ‘ਚ ਰਹਿੰਦੇ ਹੋਏ ਕਿਸਾਨ ਭਰਾਵਾਂ ਦੇ ਹਮਾਇਤੀ ਉਨ੍ਹਾਂ ਨੂੰ ਫੰਡ ਦੇ ਰੂਪ ‘ਚ ਸਹਾਇਤਾ ਭੇਜ ਰਹੇ ਹਨ। ਜ਼ਿਕਰੋਯਗ ਹੈ ਕਿ ਭਾਰਤੀ ਕਿਸਾਨ ਯੂਨੀਅਨੇ ਏਕਤਾ ਉਗਰਾਹਾਂ ਨੂੰ ਬੈਂਕਾਂ ਨੇ ਸੂਚਿਤ ਕੀਤਾ ਹੈ ਕਿ ਜੇਕਰ ਤੁਹਾਨੂੰ ਵਿਦੇਸ਼ਾਂ ਤੋਂ ਫੰਜ ਆ ਰਿਹਾ ਹੈ ਤਾਂ ਇਸ ਦੀ ਰਜਿਸਟ੍ਰੇਸ਼ਨ ਕਰਵਾਓ। ਫੰਡ ਲੈਣ ਲਈ ਕੇਂਦਰੀ ਗ੍ਰਹਿ ਮੰਤਰਾਲੇ ਤੋਂ ਪ੍ਰਵਾਨਗੀ ਨਾ ਹੋਣ ਕਾਰਨ ਵਿਦੇਸ਼ੀ ਰੈਗੂਲੇਸ਼ਨ ਐਕਟ ਤਹਿਤ ਕਾਰਵਾਈ ਵੀ ਕੀਤੀ ਜਾ ਰਹੀ ਹੈ। ਇਸ ਲਈ ਬੈਂਕ ਅਧਿਕਾਰੀਆਂ ਨੇ BKU ਉਗਰਾਹਾਂ ਨੂੰ ਕਿਹਾ ਹੈ ਕਿ ਕਿ ਜੇਕਰ ਤੁਹਾਡੇ ਕੋਲ ਇਸ ਫੰਡ ਲਈ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪ੍ਰਵਾਨਗੀ ਨਹੀਂ ਹੈ ਤਾਂ ਤੁਹਾਡੇ ਖਿਲਾਫ ਕਾਰਵਾਈ ਕੀਤੀ ਜਾਵੇਗੀ।
ਪੰਜਾਬ ਐਂਡ ਸਿੰਧ ਬੈਂਕ ਕੋਕਰੀ ਕਲਾਂ ਦੀ ਬ੍ਰਾਂਚ ਦੇ ਪ੍ਰਬੰਧਕ ਰਣਜੀਤ ਕੁਮਾਰ ਨੇ ਇਸ ਗੱਲ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਯੂਨੀਅਨ ਦੇ ਸਕੱਤਰ ਸੁਖਦੇਵ ਸਿੰਘ ਨੂੰ ਦੱਸਿਆ ਕਿ ਜੋ ਤੁਹਾਨੂੰ ਵਿਦੇਸ਼ਾਂ ਤੋਂ ਫੰਡ ਆਉਂਦਾ ਹੈ ਜਾਂ ਕਿਸੇ ਜਥੇਬੰਦੀ ਦੀ FCRA ਤਹਿਤ ਗ੍ਰਹਿ ਮੰਤਰਾਲੇ ਕੋਲ ਇਸ ਫੰਡ ਦੀ ਰਜਿਸਟ੍ਰੇਸ਼ਨ ਹੋਣੀ ਲਾਜ਼ਮੀ ਹੈ। BKU ਉਗਰਾਹਾਂ ਨੂੰ ਪਿਛਲੇ ਦਿਨੀਂ ਕੈਨੇਡਾ ਤੋਂ ਡਾਲਰਾਂ ਦੇ ਰੂਪ ‘ਚ ਵਿਦੇਸ਼ੀ ਚੰਦਾ ਮਿਲਿਆ ਸੀ। ਇਸ ਪੈਸੇ ਦੀ ਰਜਿਸਟ੍ਰੇਸ਼ਨ ਨਾ ਹੋਣ ਦੀ ਸੂਰਤ ‘ਚ ਜਾਂ ਤਾਂ ਪੈਸੇ ਵਾਪਸ ਭੇਜਿਆ ਜਾਵੇ ਤੇ ਜਾਂ ਆਗੂਆਂ ਖਿਲਾਫ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਬੈਂਕਾਂ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਇਸ ਸਬੰਧੀ ਸੂਚਿਤ ਕੀਤਾ ਗਿਆ ਹੈ ਪਰ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ। ਮਨਜੀਤ ਸਿੰਘ ਧਨੇਰ ਨੇ ਬੀਤੇ ਕੱਲ੍ਹ ਇਹ ਸਪੱਸ਼ਟ ਕੀਤਾ ਕਿ ਉਹ ਇਸ ਫੰਡਿੰਗ ਦੀ ਵਰਤੋਂ ਕਿਸ ਤਰ੍ਹਾਂ ਕਰਦੇ ਹਨ ਅਤੇ ਨਾਲ ਹੀ ਬਾਕੀ ਪੈਸਾ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਦਿੱਤਾ ਜਾਵੇਗਾ।