Murder of a : ਲੁਧਿਆਣਾ ‘ਚ ਕ੍ਰਾਈਮ ਦੀਆਂ ਘਟਨਾਵਾਂ ਦਿਨੋ-ਦਿਨ ਵਧਦੀਆਂ ਜਾ ਰਹੀਆਂ ਹਨ। ਇੰਝ ਜਾਪਦਾ ਹੈ ਕਿ ਲੋਕਾਂ ਦੇ ਮਨਾਂ ‘ਚ ਕਾਨੂੰਨ ਦਾ ਡਰ ਘਟਦਾ ਜਾ ਰਿਹਾ ਹੈ। ਅੱਜ ਜਿਲ੍ਹਾ ਲੁਧਿਆਣਾ ‘ਚ ਇੱਕ ਨਾਬਾਲਗ ਮੁੰਡੇ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਤੇ ਕਤਲ ਤੋਂ ਬਾਅਦ ਲਾਸ਼ ਨੂੰ ਝਾੜੀਆਂ ‘ਚ ਸੁੱਟ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਸ਼ੌਕਲ ਕੁਮਾਰ (ਉਮਰ 17 ਸਾਲ) ਵਜੋਂ ਹੋਈ ਹੈ। ਮ੍ਰਿਤਕ ਦੇਹ ਨੂੰ ਦੇਖ ਕੇ ਪਰਿਵਾਰਕ ਮੈਂਬਰਾਂ ਦੀ ਰੂਹ ਕੰਬ ਉਠੀ। ਉਸ ਦੀ ਗਰਦਨ, ਪਿੱਠ ਤੇ ਬਾਹਾਂ ਦੇ ਨਾਲ-ਨਾਲ ਉਸ ਦਾ ਪੇਟ ਵੀ ਬੁਰੀ ਤਰ੍ਹਾਂ ਕੱਟਿਆ ਹੋਇਆ ਸੀ। ਇਹ ਸ਼ੰਕਾ ਪ੍ਰਗਟਾਈ ਜਾ ਰਹੀ ਹੈ ਕਿ ਇਹ ਕਤਲ ਉਸ ਦੇ ਦੋਸਤਾਂ ਵੱਲੋਂ ਕੀਤਾ ਗਿਆ ਹੈ।
ਮ੍ਰਿਤਕ ਦੇ ਪਿਤਾ ਮੋਂਟੂ ਨੇ ਦੱਸਿਆ ਕਿ ਉਹ ਪੱਥਰ ਲਗਾਉੁਣ ਦਾ ਕੰਮ ਕਰਦਾ ਹੈ। ਉਸ ਦੇ 3 ਬੇਟੇ ਅਤੇ 1 ਬੇਟੀ ਹੈ। ਸ਼ੌਕਲ ਵੀ ਆਪਣੇ ਪਿਤਾ ਨਾਲ ਹੀ ਪੱਥਰ ਲਗਾਉਣ ਦਾ ਕੰਮ ਕਰਦਾ ਸੀ। ਮੋਂਟੂ ਨੇ ਦੱਸਿਆ ਅਜੇ ਕੁਝ ਦਿਨ ਪਹਿਲਾਂ ਹੀ 7 ਮਾਰਚ ਨੂੰ ਉਸ ਨੇ ਆਪਣੇ ਪੁੱਤਰ ਨੂੰ ਨਵਾਂ ਮੋਬਾਈਲ ਫੋਨ ਲੈ ਕੇ ਦਿੱਤਾ ਸੀ ਤੇ ਜਦੋਂ ਉਹ ਕੰਮ ‘ਤੇ ਜਾਣ ਲੱਗਾ ਤਾਂ ਉਸ ਨੂੰ ਦੋਸਤਾਂ ਦਾ ਫੋਨ ਆ ਗਿਆ ਤੇ ਉਹ ਕੰਮ ‘ਤੇ ਜਾਣ ਦੀ ਬਜਾਏ ਦੋਸਤਾਂ ਨਾਲ ਚਲਾ ਗਿਆ। ਦੇਰ ਸ਼ਾਮ ਤੱਕ ਜਦੋਂ ਉਹ ਨਹੀਂ ਪਰਤਿਆ ਤਾਂ ਪਰਿਵਾਰਕ ਵਾਲਿਆਂ ਨੇ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਮ੍ਰਿਤਕ ਦੇ ਪਿਤਾ ਨੇ ਆਪਣੇ ਬੇਟੇ ਨੂੰ ਕਈ ਵਾਰ ਫੋਨ ਮਿਲਾਇਆ ਪਰ ਉਸ ਨੇ ਫੋਨ ਨਹੀਂ ਚੁੱਕਿਆ ਤੇ ਕੁਝ ਦੇਰ ਬਾਅਦ ਫੋਨ ਵੀ ਬੰਦ ਆਉਣਾ ਸ਼ੁਰੂ ਹੋ ਗਿਆ। ਪਹਿਲਾਂ ਤਾਂ ਉਨ੍ਹਾਂ ਨੇ ਸੋਚਿਆ ਸ਼ੌਕਲ ਦਾ ਮੋਬਾਈਲ ਗੁੰਮ ਹੋ ਗਿਆ ਹੈ ਪਰ ਬਾਅਦ ‘ਚ ਉੁਨ੍ਹਾਂ ਨੂੰ ਉਸ ਦੇ ਕਤਲ ਦੀ ਸੂਚਨਾ ਮਿਲੀ। ਨਾਲ ਹੀ ਉਨ੍ਹਾਂ ਦੱਸਿਆ ਕਿ ਜਿਹੜੇ ਦੋਸਤ ਨੇ ਸ਼ੌਕਲ ਨੂੰ ਫੋਨ ਕਰਕੇ ਬੁਲਾਇਆ ਸੀ ਉਸ ਨੇ ਹੀ ਕਤਲ ਕੀਤਾ ਹੈ ਕਿਉਂਕਿ ਉਹ ਵੀ ਉਦੋਂ ਤੋਂ ਹੀ ਘਰੋਂ ਗਾਇਬ ਹੈ।
ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਛਾਣਬੀਣ ਸ਼ੁਰੂ ਕਰ ਦਿੱਤੀ ਗਈ ਹੈ। ਲਾਸ਼ ਕੋਲੋਂ ਕੁਝ ਨਕਦੀ ਵੀ ਮਿਲੀ ਹੈ। ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਉਸ ਨੂੰ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ ਹੈ ਤੇ ਜਲਦ ਹੀ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ।