Murder or suicide : ਬਠਿੰਡਾ ਵਿਖੇ ਅੱਜ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕੋ ਹੀ ਮਕਾਨ ‘ਚੋਂ ਤਿੰਨ ਲੋਕਾਂ ਦੀਆਂ ਲਾਸ਼ਾਂ ਮਿਲੀਆਂ। ਪਰਿਵਾਰ ਦਾ ਮੁਖੀ, ਉਸ ਦੀ ਪਤਨੀ ਤੇ ਬੇਟੀ ਦੀਆਂ ਲਾਸ਼ਾਂ ਘਰ ‘ਚੋਂ ਮਿਲੀਆਂ। ਇਹ ਲਾਸ਼ਾਂ ਸ਼ਹਿਰ ਦੀ ਕਮਲਾ ਨਹਿਰੂ ਕਾਲੋਨੀ ‘ਚ ਕੋਠੀ ਨੰਬਰ 387 ਤੋਂ ਮਿਲੀਆਂ ਹਨ। ਮ੍ਰਿਤਕਾਂ ਦੀ ਪਛਾਣ 45 ਸਾਲ ਦੇ ਚਰਨਜੀਤ ਸਿੰਘ ਖੋਖਰ, ਪਤਨੀ 43 ਸਾਲਾ ਜਸਵਿੰਦਰ ਕੌਰ ਤੇ 20 ਸਾਲ ਦੀ ਬੇਟੀ ਸਿਮਰਨ ਕੌਰ ਵਜੋਂ ਹੋਈ ਹੈ। ਤਿੰਨਾਂ ਦੇ ਸਿਰ ‘ਤੇ ਗੋਲੀ ਵੱਜੀ ਹੈ। ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਨ੍ਹਾਂ ਨੇ ਆਤਮਹੱਤਿਆ ਕੀਤੀ ਹੈ ਜਾਂ ਕਿਸੇ ਨੇ ਉਨ੍ਹਾਂ ਨੂੰ ਗੋਲੀ ਮਾਰੀ ਹੈ। ਉਂਝ ਸ਼ੰਕਾ ਪ੍ਰਗਟਾਈ ਜਾ ਰਹੀ ਹੈ ਕਿ ਚਰਨਜੀਤ ਨੇ ਪਤਨੀ ਤੇ ਬੇਟੀ ਦੀ ਹੱਤਿਆ ਤੋਂ ਬਾਅਦ ਆਤਮਹੱਤਿਆ ਕੀਤੀ ਹੈ।
ਜਿਵੇਂ ਹੀ ਪੁਲਿਸ ਨੂੰ ਘਟਨਾ ਦੀ ਸੂਚਨਾ ਮਿਲੀ ਮੌਕੇ ‘ਤੇ ਪੁੱਜੀ ਤੇ ਕੋਠੀ ਨੂੰ ਆਪਣੇ ਕਬਜ਼ੇ ‘ਚ ਲੈ ਲਿਆ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਚਰਨਜੀਤ ਸਿੰਘ ਖੋਖਰ ਆਪਣੇ ਪਰਿਵਾਰ ਨਾਲ ਕੋਠੀ ‘ਚ ਰਹਿ ਰਹੇ ਸਨ। ਅੱਜ ਸਵੇਰੇ ਦੁੱਧਵਾਲੇ ਨੇ ਚਰਨਜੀਤ ਸਿੰਘ ਖੋਖਰ, ਉਸ ਦੀ ਪਤਨੀ ਜਸਵਿੰਦਰ ਕੌਰ ਤੇ ਬੇਟੀ ਸਿਮਰਨ ਕੌਰ ਨੂੰ ਕਮਰੇ ‘ਚ ਮ੍ਰਿਤਕ ਹਾਲਤ ‘ਚ ਦੇਖਿਆ ਤੇ ਲੋਕਾਂ ਨੂੰ ਦੱਸਿਆ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਸ਼ਹਿਰ ‘ਚ ਲਗਭਗ ਇੱਕ ਮਹੀਨੇ ਬਾਅਦ ਇਹ ਦੂਜੀ ਘਟਨਾ ਹੈ ਕਿ ਪਾਸ਼ ਕਾਲੋਨੀ ‘ਚ ਇਸ ਤਰ੍ਹਾਂ ਮੌਤਾਂ ਹੋਈਆਂ ਹਨ।
ਇਸ ਤੋਂ ਪਹਿਲਾਂ ਜਿਥੇ ਗ੍ਰੀਨ ਸਿਟੀ ‘ਚ ਆਰਥਿਕ ਤੰਗੀ ਤੋਂ ਪ੍ਰੇਸ਼ਾਨ ਹੋ ਕੇ ਇੱਕ ਪਰਿਵਾਰ ਨੇ ਤਿੰਨ ਮੈਂਬਰਾਂ ਸਮੇਤ ਖੁਦ ਵੀ ਆਤਮਹੱਤਿਆ ਕਰ ਲਈ ਸੀ। ਚਰਨਜੀਤ ਸਿੰਘ ਖੋਖਰ ਬੀਬੀ ਵਾਲਾ ਕੋਆਪ੍ਰੇਟਿਵ ਸੁਸਾਇਟੀ ‘ਚ ਸਕੱਤਰ ਦੇ ਅਹੁਦੇ ‘ਤੇ ਤਾਇਨਾਤ ਸੀ। ਮਾਮਲਾ ਸ਼ੁਰੂਆਤੀ ਜਾਂਚ ‘ਚ ਆਤਮਹੱਤਿਆ ਦਾ ਲੱਗ ਰਿਹਾ ਹੈ ਪਰ ਪੁਲਿਸ ਇਸ ਮਾਮਲੇ ‘ਚ ਹੱਤਿਆ ਦੀ ਸ਼ੰਕਾ ਨਾਲ ਜਾਂਚ ‘ਚ ਲੱਗੀ ਹੋਈ ਹੈ।
ਅੱਜ ਸਵੇਰੇ ਜਦੋਂ ਦੁੱਧਵਾਲੇ ਨੇ ਘਰ ਦੀ ਘੰਟੀ ਵਜਾਈ ਤਾਂ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਜਿਸ ਕਾਰਨ ਉਸ ਨੂੰ ਸ਼ੱਕ ਹੋਇਆ ਤੇ ਉਹ ਕਿਸੇ ਤਰ੍ਹਾਂ ਘਰ ‘ਚ ਦਾਖਲ ਹੋਇਆ। ਉਥੇ ਉਸ ਨੇ ਚਰਨਜੀਤ ਸਿੰਘ ਖੋਖਰ, ਜਸਵਿੰਦਰ ਕੌਰ ਤੇ ਸਿਮਰਨ ਕੌਰ ਦੀਆਂ ਖੂਨ ਨਾਲ ਲੱਥਪੱਥ ਰੁਟੀ ਲਾਸ਼ਾਂ ਦੇਖੀਆਂ ਤੇ ਸਾਰੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਗਈ। ਪੁਲਿਸ ਦੇ ਸੀਨੀਅਰ ਅਧਿਕਾਰੀ ਪੂਰੇ ਮਾਮਲੇ ਦੀ ਡੂੰਘਾਈ ਤੱਕ ਜਾਣ ਲਈ ਐਕਸਪਰਟ ਟੀਮ ਨੂੰ ਮੌਕੇ ‘ਤੇ ਬੁਲਾ ਕੇ ਜਾਂਚ ਕਰ ਰਹੀ ਹੈ। ਖੋਖਰ ਦਾ ਇੱਕ ਬੇਟਾ ਮਨਪ੍ਰੀਤ ਸਿੰਘ ਅਜੇ ਇੰਗਲੈਂਡ ‘ਚ ਰਹਿ ਰਿਹਾ ਹੈ।