Nationwide ‘Chakka Jam’ : ਕਿਸਾਨ ਸੰਗਠਨਾਂ ਵੱਲੋਂ ਕੱਲ੍ਹ 6 ਫਰਵਰੀ ਨੂੰ ਦੇਸ਼ ਭਰ ‘ਚ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਭਾਰਤ ਬੰਦ ਮੋਦੀ ਸਰਕਾਰ ਦੀਆਂ ਜੜ੍ਹਾਂ ਪੁੱਟ ਦੇਵੇਗਾ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸਵਿੰਦਰ ਸਿੰਘ ਚਤਾਲਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਪ੍ਰਾਈਵੇਟ ਹਿੱਸੇਦਾਰੀ ਰਾਹੀਂ ਖੇਤੀ ਆਮਦਨ ਦੁੱਗਣੀ ਕਰਨ ਵਾਲੀ ਭਾਜਪਾ ਸਰਕਾਰ ਇਹ ਦੱਸੇ ਕਿ ਯੂ.ਪੀ., ਬਿਹਾਰ ਅਤੇ ਮੱਧ ਪ੍ਰਦੇਸ਼ ਜਿੱਥੇ ਉਸਦੀਆਂ ਸੂਬਾਈ ਸਰਕਾਰਾਂ ਹਨ ਉੱਥੇ ਕਣਕ, ਝੋਨਾ ਐਮ.ਐਸ.ਪੀ. ਤੋਂ ਸੱਤ,ਅੱਠ ਸੌ ਰੁਪਏ ਤੋਂ ਘੱਟ ਵਪਾਰੀ ਲੁੱਟ ਕੇ ਪੰਜਾਬ ਦੀਆਂ ਮੰਡੀਆਂ ਵਿੱਚ ਕਿਉਂ ਵੇਚਦੇ ਹਨ? ਡੇਅਰੀ ਫਾਰਮ, ਪੋਲਟਰੀ ਫਾਰਮ, ਸ਼ਹਿਦ ਮੱਖੀ ਪਾਲਣ, ਸਬਜ਼ੀ, ਫਲ ਆਦਿ ਪ੍ਰਾਈਵੇਟ ਖੇਤਰ ਵਿਚ ਹਨ। ਕੀ ਮੋਦੀ ਸਾਹਿਬ ਇਹ ਦੱਸ ਸਕਦੇ ਹਨ ਕਿ ਉਹ ਕਿਸਾਨ ਬਾਦਸ਼ਾਹ ਕਿਉਂ ਨਾ ਬਣ ਗਏ?
ਤੋਮਰ ਜੀ, ਤੁਹਾਡੀ ਸਰਕਾਰ ਵੱਲੋ ਆਰ.ਐਸ.ਐਸ., ਬੀ.ਜੇ.ਪੀ. ਦੇ ਦੰਗਈਆਂ ਰਾਹੀਂ ਹਮਲਾ ਕਰਕੇ ਖੂਨ ਦੀ ਹੋਲੀ ਖੇਡੀ ਗਈ ਹੈ ਪਰ ਅਜੇ ਤੱਕ ਦੰਗਾਈਆਂ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਅਤੇ ਨਾ ਹੀ ਤੁਹਾਡੀ ਸਰਕਾਰ ਇਨ੍ਹਾਂ ਸਵਾਲਾਂ ’ਤੇ ਕੁਝ ਬੋਲੀ ਹੈ। 6 ਫਰਵਰੀ ਦਾ ‘ਭਾਰਤ ਬੰਦ’ ਪੰਜਾਬ ਵਿੱਚ ਤਿੰਨ ਘੰਟੇ ਸੜਕ ਆਵਾਜਾਈ ਜਾਮ ਕਰਕੇ ਸਰਕਾਰ ਦੇ ਭਰਮ ਭੁਲੇਖੇ ਦੂਰ ਕਰਕੇ ਇੱਕ ਜਨ-ਅੰਦੋਲਨ ਹੋਣ ਦਾ ਸਬੂਤ ਦੇਵੇਗਾ। ਆਗੂਆਂ ਨੇ ਮੰਗ ਕੀਤੀ ਹੈ ਕਿ ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ। ਇਸ ਮੌਕੇ ਸੁਬਾਈ ਆਗੂ ਜਸਵੀਰ ਸਿੰਘ ਪਿੱਦੀ, ਸੁਖਵਿੰਦਰ ਸਿੰਘ ਸਭਰਾ ਨੇ ਆਖਿਆ ਕਿ ਕਿਸਾਨ ਕੈਂਪਾ ਦੀ ਤੰਗ ਕੀਤੀ ਗਈ ਬੈਰੀਕੇਡਿੰਗ ਪਿੱਛੇ ਕੀਤੀ ਜਾਵੇ, ਸਾਫ ਸਫਾਈ ਕਰਨ ਵਾਲੇ ਕਰਮਚਾਰੀਆਂ ਦੀ ਸਹੂਲਤ ਬਹਾਲ ਕੀਤੀ ਜਾਵੇ, ਆਮ ਹਾਲਾਤ ਪੈਦਾ ਕੀਤੇ ਜਾਣ ਤਾਂ ਹੀ ਗੱਲਬਾਤ ਸੰਭਵ ਹੋ ਸਕੇਗੀ। ਜਿਹੜੇ ਕਿਸਾਨ ਜੇਲ੍ਹ ਵਿਚ ਬੰਦ ਕੀਤੇ ਗਏ ਹਨ ਜੇਲ੍ਹ ਅਧਿਕਾਰੀਆਂ ਨੇ ਉਨ੍ਹਾਂ ਨੂੰ 14 ਦਿਨਾਂ ਲਈ ਇਕਾਂਤਵਾਸ ਕੀਤਾ ਹੈ, ਇਸ ਲਈ ਉਨ੍ਹਾਂ ਦੇ ਮਾਪਿਆਂ ਨੂੰ ਬੇਨਤੀ ਹੈ ਕਿ 14 ਦਿਨਾਂ ਬਾਅਦ ਹੀ ਉਨ੍ਹਾਂ ਨੂੰ ਮਿਲਿਆ ਜਾਵੇ। ਜਥੇਬੰਦੀ ਨੇ ਤਾਲਮੇਲ ਕਮੇਟੀ ਨਾਲ ਮਿਲਕੇ ਮਾਪਿਆਂ ਦੇ ਰਹਿਣ ਦਾ ਪ੍ਰਬੰਧ ਗੁਰਦੁਆਰਾ ਰਕਾਬਗੰਜ ਸਾਹਿਬ ਦਿੱਲੀ ਵਿਖੇ ਕੀਤਾ ਹੈ।
ਸੰਯੁਕਤ ਕਿਸਾਨ ਮੋਰਚਾ ਵੱਲੋਂ ਚੱਕਾ ਜਾਮ ਲਈ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਗਏ ਹਨ ਤੇ ਲੋਕਾਂ ਨੂੰ ਪੂਰੇ ਸਹਿਯੋਗ ਦੀ ਅਪੀਲ ਵੀ ਕੀਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਚੱਕਾ ਜਾਮ ਪੂਰੀ ਤਰ੍ਹਾਂ ਸ਼ਾਂਤਮਈ ਅਤੇ ਅਹਿੰਸਕ ਰਹੇਗਾ। ਪ੍ਰਦਰਸ਼ਨਕਾਰੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਸਰਕਾਰੀ ਅਫਸਰਾਂ, ਮੁਲਾਜ਼ਮਾਂ ਜਾਂ ਆਮ ਨਾਗਰਿਕਾਂ ਨਾਲ ਕਿਸੇ ਵੀ ਟਕਰਾਅ ‘ਚ ਹਿੱਸਾ ਨਾ ਲੈਣ। ਦਿੱਲੀ-ਐੱਨ.ਸੀ.ਆਰ. ‘ਚ ਕੋਈ ਚੱਕਾ ਜਾਮ ਪ੍ਰੋਗਰਾਮ ਨਹੀਂ ਹੋਵੇਗਾ ਕਿਉਂਕਿ ਸਾਰੇ ਧਰਨਿਆਂ ਕਰਕੇ ਪਹਿਲਾਂ ਹੀ ਇਕ ਚੱਕਾ ਜਾਮ ਲੱਗਾ ਹੋਇਆ ਹੈ। ਦਿੱਲੀ ਵਿੱਚ ਦਾਖਲ ਹੋਣ ਲਈ ਸਾਰੀਆਂ ਸੜਕਾਂ ਖੁੱਲ੍ਹੀਆਂ ਰਹਿਣਗੀਆਂ ਸਿਵਾਏ ਉਨ੍ਹਾਂ ਦੇ, ਜਿਥੇ ਪਹਿਲਾਂ ਹੀ ਧਰਨੇ ਲੱਗੇ ਹੋਏ ਹਨ। ਚੱਕਾ ਜਾਮ ਪ੍ਰੋਗਰਾਮ 3 ਵਜੇ 1 ਮਿੰਟ ਤੱਕ ਵਾਹਨ ਦਾ ਹੋਰਨ ਵਜਾਕੇ ਕਿਸਾਨਾਂ ਏਕਤਾ ਦਾ ਸੰਦੇਸ਼ਾਂ ਦਿੰਦਿਆ ਹੋਇਆ ਪੂਰਾ ਹੋਵੇਗਾ।