Night curfew lifted : ਪ੍ਰਸ਼ਾਸਨ ਵੱਲੋਂ ਕੋਰੋਨਾ ਤੋਂ ਬਚਾਅ ਲਈ ਸਖਤ ਪਾਬੰਦੀਆਂ ਲਗਾਈਆਂ ਗਈਆਂ ਹਨ ਪਰ ਕੁਝ ਕੁ ਬੇਖੌਫ ਲੋਕਾਂ ਵੱਲੋਂ ਇਸ ਦੀਆਂ ਖੁੱਲ੍ਹੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਅਜਿਹਾ ਹੀ ਇੱਕ ਮਾਮਲਾ ਫਿਲੌਰ ਤੋਂ ਸਾਹਮਣੇ ਆਇਆ ਇੱਥੇ ਇੱਕ ਕਾਰ ਗੈਰੇਜ ਵਿੱਚ ਕੁਝ ਨੌਜਵਾਨਾਂ ਨੇ ਨਾਈਟ ਕਰਫਿਊ ਦੀ ਉਲੰਘਣਾ ਕਰਦੇ ਹੋਏ ਦੇਰ ਰਾਤ ਦੀ ਪਾਰਟੀ ਦਿੱਤੀ, ਤੇ ਨਸ਼ੇ ‘ਚ ਟੱਲੀ ਨੌਜਵਾਨਾਂ ਨੇ ਹਵਾਈ ਫਾਇਰਿੰਗ ਵੀ ਕੀਤੀ।
ਪਾਰਟੀ ਵਿੱਚ ਪਾਬੰਦੀ ਦੇ ਬਾਵਜੂਦ ਹੁੱਕਾ ਵੀ ਚਲਦਾ ਰਿਹਾ। ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਕਿਸੇ ਦੀ ਪਾਰਟੀ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ। ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਫਿਲੌਰ ਪੁਲਿਸ ਦੀ ਕਾਰਗੁਜ਼ਾਰੀ ‘ਤੇ ਸਵਾਲ ਖੜੇ ਕੀਤੇ ਗਏ, ਫਿਰ 25 ਨੌਜਵਾਨਾਂ ਖਿਲਾਫ ਆਈਪੀਸੀ ਦੀ ਧਾਰਾ 336, 188, 148, 149, ਆਰਮਜ਼ ਐਕਟ ਅਤੇ ਆਫ਼ਤ ਪ੍ਰਬੰਧਨ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਸਬ ਇੰਸਪੈਕਟਰ ਬਲਜੀਤ ਸਿੰਘ ਅਨੁਸਾਰ ਉਸ ਨੂੰ ਇਹ ਵੀਡੀਓ ਵ੍ਹਟਸਐਪ ਦੇ ਜ਼ਰੀਏ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਹ ਵੀਡੀਓ 8 ਮਈ ਦੀ ਰਾਤ ਦੀ ਹੈ। ਜਿੱਥੇ ਇਹ ਪਾਰਟੀ ਰੱਖੀ ਗਈ ਸੀ। ਇਹ ਆਰ ਕੇ ਕਾਰ ਮਾਰਕੀਟ ਦਾ ਗੈਰਾਜ ਹੈ। ਇਸ ਪਲਾਟ ਦਾ ਮਾਲਕ ਵਿਜੇ ਨਿਵਾਸੀ ਗੜ੍ਹਾ ਹੈ। ਪੁਲਿਸ ਅਨੁਸਾਰ ਇਸ ਵੀਡੀਓ ਵਿੱਚ ਗੰਨਾ ਪਿੰਡ ਦਾ ਨਵਦੀਪ ਸਿੰਘ ਸੰਧੂ ਅਤੇ ਸੁੱਖਾ ਵੀ ਸਨ। ਇਹ ਪਾਰਟੀ ਗੁਰਪ੍ਰੀਤ ਸਿੰਘ ਗੋਪੀ ਦੀ ਸੀ। ਇਸ ਵਾਇਰਲ ਵੀਡੀਓ ਵਿੱਚ ਲੱਕੀ ਨੇ ਫਾਇਰਿੰਗ ਕੀਤੀ ਅਤੇ ਇੱਕ ਹੋਰ ਨੌਜਵਾਨ ਨੇ ਪਿਸਤੌਲ ਫੜਿਆ ਹੋਇਆ ਹੈ। ਉਸਨੇ ਮਾਸਕ ਵੀ ਨਹੀਂ ਪਾਇਆ।
ਪੁਲਿਸ ਨੇ ਇਸ ਮਾਮਲੇ ਵਿੱਚ ਨਵਦੀਪ ਸੰਧੂ, ਸੁੱਖਾ, ਗੁਰਪ੍ਰੀਤ ਸਿੰਘ ਗੋਪੀ, ਲੱਕੀ, ਆਰ ਕੇ, ਵਿਜੇ, ਜਿੰਦੀ, ਗੋਲੂ ਅਤੇ 17 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਨਾਮਜ਼ਦ ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਅਦ ਬਾਕੀ ਲੋਕਾਂ ਦੀ ਪਛਾਣ ਕਰਕੇ ਉਸਨੂੰ ਫੜ ਲਿਆ ਜਾਵੇਗਾ।