On the violence : ਕਾਲੇ ਕਾਨੂੰਨਾਂ ਖਿਲਾਫ ਦਿੱਲੀ ਬਾਰਡਰ ‘ਤੇ ਕਿਸਾਨਾਂ ਦਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਅੰਦੋਲਨ ਨੇ ਇੱਕ ਵਾਰ ਫਿਰ ਤੋਂ ਰਫਤਾਰ ਫੜ ਲਈ ਹੈ। 26 ਜਨਵਰੀ ਨੂੰ ਹੋਈ ਹਿੰਸਾ ਕਾਰਨ ਅੰਦੋਲਨ ਥੋੜ੍ਹਾ ਫਿੱਕਾ ਹੋ ਗਿਆ ਸੀ ਪਰ ਕਿਸਾਨ ਆਗੂਆਂ ਦੀ ਅਪੀਲ ‘ਤੇ ਅੰਨਦਾਤਿਆਂ ਨੇ ਫਿਰ ਤੋਂ ਬਾਰਡਰ ‘ਤੇ ਆਉਣਾ ਸ਼ੁਰੂ ਕਰ ਦਿੱਤਾ ਹੈ। ਕਿਸਾਨ ਨੇਤਾਵਾਂ ਨੇ ਅੰਦੋਲਨਕਾਰੀਆਂ ਨੂੰ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ ਹੈ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਸ਼ਨੀਵਾਰ ਨੂੰ ਮੀਡੀਆ ਨੂੰ ਕਿਹਾ ਕਿ ਅਸੀਂ ਕਿਸੇ ਯੁੱਧ ਲਈ ਨਹੀਂ ਜਾ ਰਹੇ।
ਹਿੰਸਕ ਪ੍ਰਦਰਸ਼ਨ ‘ਤੇ ਉਨ੍ਹਾਂ ਕਿਹਾ ਕਿ ਸਿੰਘੂ ਸਰਹੱਦ ‘ਤੇ ਵਿਰੋਧ ਕਰ ਰਹੇ ਕਿਸਾਨਾਂ ਨੂੰ ਭੜਕਾਉਣ ਦੀ ਸਾਜਿਸ਼ ਰਚੀ ਜਾ ਰਹੀ ਹੈ, ਪਰ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਹਿੰਸਾ ‘ਚ ਸ਼ਾਮਲ ਨਹੀਂ ਹੋਣਾ ਚਾਹੀਦਾ। ਰਾਜੇਵਾਲ ਦਾ ਇਹ ਬਿਆਨ ਸਿੰਘੂ ਉੱਤੇ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਦੀ ਝੜਪ ਤੋਂ ਬਾਅਦ ਆਇਆ ਹੈ, ਜਿਸ ਵਿੱਚ ਇੱਕ ਐਸਐਚਓ ਤਲਵਾਰ ਦੇ ਹਮਲੇ ਵਿੱਚ ਜ਼ਖਮੀ ਹੋ ਗਿਆ ਸੀ। ਪਿਛਲੇ ਸ਼ੁੱਕਰਵਾਰ ਕੁਝ ਲੋਕ ਪ੍ਰਦਰਸ਼ਨਕਾਰੀਆਂ ਨੂੰ ਸਿੰਘੂ ਤੋਂ ਹਟਾਉਣ ਲਈ ਪਹੁੰਚੇ ਸਨ। ਇਸ ਝਗੜੇ ਦੌਰਾਨ ਸਥਿਤੀ ਨੂੰ ਸੰਭਾਲਣ ਪਹੁੰਚੀ ਪੁਲਿਸ ‘ਤੇ ਹਮਲਾ ਕੀਤਾ ਗਿਆ।
ਰਾਜੇਵਾਲ ਨੇ ਕਿਹਾ, “ਕਿਸਾਨ ਅੰਦੋਲਨ ਦੀ ਹਮਾਇਤ ਕਰਨ ਵਾਲਿਆਂ ਨੂੰ ਸਾਡੀ ਅਪੀਲ ਸ਼ਾਂਤਮਈ ਪ੍ਰਦਰਸ਼ਨ ਕਰਨ ਦੀ ਹੈ। ਸਾਨੂੰ ਇਹ ਯਾਦ ਰੱਖਣਾ ਪਏਗਾ ਕਿ ਅਸੀਂ ਕਿਸੇ ਯੁੱਧ ਵਿੱਚ ਨਹੀਂ ਜਾ ਰਹੇ। ਇਹ ਸਾਡਾ ਦੇਸ਼ ਅਤੇ ਸਾਡੀ ਸਰਕਾਰ ਹੈ। ਸਿੰਘੂ ਬਾਰਡਰ ‘ਤੇ ਜੋ ਕੁਝ ਵੀ ਹੋਇਆ ਉਸ ਦੇ ਪਿੱਛੇ ਭਾਜਪਾ ਅਤੇ ਸੰਘ ਲੋਕਾਂ ਦਾ ਹੱਥ ਹੈ। ਸਰਕਾਰ ਸਾਨੂੰ ਹਿੰਸਾ ਲਈ ਭੜਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ” 26 ਜਨਵਰੀ ਨੂੰ ਕਿਸਾਨ ਟਰੈਕਟਰ ਪਰੇਡ ਦੌਰਾਨ ਦਿੱਲੀ ਦੇ ਲਾਲ ਕਿਲ੍ਹੇ ਸਮੇਤ ਕਈ ਥਾਵਾਂ ‘ਤੇ ਹਿੰਸਾ ਹੋਈ ਸੀ। ਇਸ ਤੋਂ ਬਾਅਦ 29 ਜਨਵਰੀ ਨੂੰ ਸਿੰਘੂ ਸਰਹੱਦ ‘ਤੇ ਪੁਲਿਸ ਅਤੇ ਅੰਦੋਲਨਕਾਰੀਆਂ ਦਰਮਿਆਨ ਹਿੰਸਕ ਝੜਪ ਹੋ ਗਈ। ਇਸ ਮਾਮਲੇ ਵਿੱਚ ਹੁਣ ਤੱਕ 44 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ।
ਟਰੈਕਟਰ ਰੈਲੀ ਦੀ ਜਾਂਚ ਕਰ ਰਹੀ ਦਿੱਲੀ ਪੁਲਿਸ ਨੇ ਰੈਲੀ ਵਿੱਚ ਸ਼ਾਮਲ ਟਰੈਕਟਰਾਂ ਦੇ ਰਜਿਸਟ੍ਰੇਸ਼ਨ ਨੰਬਰ ਅਤੇ ਮੋਬਾਈਲ ਕਾਲ ਦੇ ਅੰਕੜਿਆਂ ਦੀ ਜਾਂਚ ਕੀਤੀ ਹੈ। ਪੁਲਿਸ ਨੂੰ ਹਿੰਸਾ ਨਾਲ ਸਬੰਧਤ 1700 ਵੀਡੀਓ ਕਲਿੱਪ ਅਤੇ ਸੀਸੀਟੀਵੀ ਫੁਟੇਜ ਵੀ ਮਿਲੀ। ਹੁਣ ਤਕ ਦਿੱਲੀ ਪੁਲਿਸ 38 ਐਫਆਈਆਰ ਦਰਜ ਕਰ ਚੁੱਕੀ ਹੈ ਅਤੇ 84 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇੰਟਰਨੈਟ ਸੇਵਾ 31 ਜਨਵਰੀ ਨੂੰ ਰਾਤ 11 ਵਜੇ ਤੱਕ ਸਿੰਘੂ, ਟਿੱਕਰੀ ਅਤੇ ਗਾਜੀਪੁਰ ਸਰਹੱਦ ‘ਤੇ ਬੰਦ ਹੈ।ਸ਼ਨੀਵਾਰ ਨੂੰ ਸਰਬ ਪਾਰਟੀ ਬੈਠਕ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ 22 ਜਨਵਰੀ ਨੂੰ ਕਿਸਾਨਾਂ ਨੂੰ ਦਿੱਤੀ ਗਈ ਪੇਸ਼ਕਸ਼ ਅਜੇ ਵੀ ਬਰਕਰਾਰ ਹੈ। ਕੋਈ ਵੀ ਹੱਲ ਗੱਲਬਾਤ ਨਾਲ ਹੀ ਸੰਭਵ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਕਿਹਾ, “ਮੈਂ ਤੁਹਾਡੇ ਤੋਂ ਸਿਰਫ ਇੱਕ ਫੋਨ ਕਾਲ ਤੋਂ ਦੂਰ ਹਾਂ। ਜਦੋਂ ਵੀ ਤੁਸੀਂ ਫੋਨ ਕਰੋਗੇ, ਮੈਂ ਗੱਲਬਾਤ ਲਈ ਤਿਆਰ ਹਾਂ।” ਮੋਦੀ ਦੇ ਇਸ ਬਿਆਨ ‘ਤੇ ਭਾਰਤੀ ਕਿਸਾਨ ਯੂਨੀਅਨ (ਬੀਕੇਯੂ) ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਖੇਤੀਬਾੜੀ ਕਾਨੂੰਨ ਵਾਪਸ ਕਿਉਂ ਨਹੀਂ ਲੈ ਰਹੀ। ਸਰਕਾਰ ਸਾਨੂੰ ਦੱਸ ਦੇਈਏ ਕਿ ਇਸ ਪਿੱਛੇ ਉਨ੍ਹਾਂ ਦੀ ਕੀ ਮਜਬੂਰੀ ਹੈ, ਅਸੀਂ ਵਿਸ਼ਵ ਦੇ ਸਾਹਮਣੇ ਭਾਰਤ ਦਾ ਮਾਣ ਘੱਟਣ ਨਹੀਂ ਦੇਵਾਂਗੇ।