Opposition parties rallied : ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਖਿਲਾਫ ਜਬਰ ਜਨਾਹ ਦਾ ਮਾਮਲਾ ਤੂਲ ਫੜਦਾ ਜਾ ਰਿਹਾ ਹੈ। ਸੋਸ਼ਲ ਮੀਡੀਆ ਵੀ ਹੁਣ ਵਿਧਾਇਕ ਬੈਂਸ ਖਿਲਾਫ ਹੋ ਗਈ ਹੈ। ਇਥੋਂ ਤੱਕ ਕਿ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਵੀ ਇਸ ਸ਼ਰਮਨਾਕ ਕਰਤੂਤ ਦਾ ਵਿਰੋਧ ਕੀਤਾ ਜਾ ਰਿਹਾ ਹੈ ਤੇ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਇਸ ਸਬੰਧੀ ਪ੍ਰੈੱਸ ਕਾਨਫਰੰਸ ਬੁਲਾਈ ਗਈ ਜਿਸ ‘ਚ ਹੀਰਾ ਸਿੰਘ ਗਾਬੜੀਆ, ਮਹੇਸ਼ਇੰਦਰ ਸਿੰਘ ਗਰੇਵਾਲ, ਸ਼ਰਨਜੀਤ ਸਿੰਘ ਢਿੱਲੋਂ ਅਤੇ ਹਰੀਸ਼ ਰਾਏ ਢਾਂਡਾ (ਵਕੀਲ) ਨੇ ਬੈਂਸ ਦੀਆਂ ਕਰਤੂਤਾਂ ਸਾਰਿਆਂ ਸਾਹਮਣੇ ਰੱਖੀਆਂ। ਉਨ੍ਹਾਂ ਕਿਹਾ ਕਿ ਇੱਕ ਵਿਧਵਾ ਜੋ ਕਿ ਇਨਸਾਫ ਲਈ ਬੈਂਸ ਸਾਹਿਬ ਕੋਲ ਆਈ ਸੀ, ਉਨ੍ਹਾਂ ਨੇ ਇਸ ਦਾ ਗਲਤ ਫਾਇਦਾ ਚੁੱਕਦਿਆਂ ਉਸ ਦੀ ਇੱਜ਼ਤ ਨਾਲ ਖਿਲਵਾੜ ਕੀਤਾ ਤੇ ਇਸ ਦੇ ਬਦਲੇ ‘ਚ ਬੈਂਸ ਜਵਾਬ ਦੇ ਰਹੇ ਹਨ ਕਿ ਇਹ ਉਨ੍ਹਾਂ ਖਿਲਾਫ ਸਿਆਸੀ ਚਾਲ ਚੱਲੀ ਜਾ ਰਹੀ ਹੈ।
ਮਹੇਸ਼ਇੰਦਰ ਸਿੰਘ ਗਰੇਵਾਲ ਦਾ ਕਹਿਣਾ ਹੈ ਕਿ ਜੇਕਰ ਸੱਚ ਬੋਲਣਾ ਰਾਜਨੀਤੀ ਹੈ ਤਾਂ ਇਸ ਦਾ ਜਵਾਬ ਸਿਮਰਜੀਤ ਸਿੰਘ ਬੈਂਸ ਨੂੰ ਦੇਣਾ ਚਾਹੀਦਾ ਹੈ। ਗਰੇਵਾਲ ਨੇ ਦੱਸਿਆ ਕਿ ਅੱਜ ਪੀੜਤ ਔਰਤ ਗੁਰਦੀਪ ਕੌਰ ਨੇ ਪ੍ਰੈੱਸ ਕਾਨਫਰੰਸ ਬੁਲਾ ਕੇ ਦੱਸਿਆ ਹੈ ਕਿ ਜੇਕਰ ਉਸ ਨੂੰ ਇਨਸਾਫ ਨਹੀਂ ਮਿਲਦਾ ਤਾਂ ਉਹ ਸੁਸਾਈਡ ਕਰ ਲਵੇਗੀ। ਬਲਵਿੰਦਰ ਸਿੰਘ ਡੀ. ਐੱਸ. ਪੀ. ਨੇ ਇੱਕ ਵੀਡੀਓ ਵਾਇਰਲ ਕੀਤੀ ਸੀ ਜਿਸ ‘ਚ ਦੱਸਿਆ ਗਿਆ ਸੀ ਕਿ ਉਹ ਬਲਾਤਕਾਰ ਦੇ ਮਾਮਲੇ ‘ਚ ਸ਼ਾਮਲ ਸਨ ਪਰ ਉਦੋਂ ਮਾਮਲੇ ਨੂੰ ਦਬਾ ਦਿੱਤਾ ਗਿਆ ਸੀ।
ਪਰ ਅੱਜ ਇੱਕ ਔਰਤ ਦੇ ਮਾਣ-ਸਨਮਾਨ ਨਾਲ ਜ਼ਿਆਦਤੀ ਕਰਨ ਦਾ ਸਵਾਲ ਹੈ ਤਾਂ ਪੁਲਿਸ ਨੂੰ ਤੁਰੰਤ ਹੀ FIR ਦਰਜ ਕਰਨੀ ਚਾਹੀਦੀ ਹੈ। ਆਮ ਆਦਮੀ ਪਾਰਟੀ ਵੱਲੋਂ ਇਸ ਮੁੱਦੇ ‘ਤੇ ਕੁਝ ਨਾ ਬੋਲਣ ‘ਤੇ ਵੀ ਵਿਰੋਧੀ ਧਿਰਾਂ ਨੇ ਇਤਰਾਜ਼ ਪ੍ਰਗਟਾਇਆ ਤੇ ਕਿਹਾ ਕਿ ਭਗਵੰਤ ਮਾਨ ਇਸ ਮਾਮਲੇ ‘ਤੇ ਕਿਉਂ ਨਹੀਂ ਕੁਝ ਬੋਲ ਰਹੇ ਹਨ। ਕਾਂਗਰਸ ਦੀ ਲੁਧਿਆਣੇ ਦੀ ਲੀਡਰਸ਼ਿਪ ਆਸ਼ੂ ਸ਼ਰਮਾ ਤੇ ਬੈਂਸ ਆਪਸ ‘ਚ ਰਲੇ ਹੋਏ ਹਨ ਪਰ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਇਸ ਗੱਲ ਦਾ ਜਵਾਬ ਦੇਣਾ ਪਵੇਗਾ ਕਿ ਜੇਕਰ ਪੰਜਾਬ ‘ਚ ਧੀਆਂ ਭੈਣ ਦੀ ਇੱਜ਼ਤ ਇਸ ਤਰ੍ਹਾਂ ਰੋਲੀ ਜਾਵੇਗੀ ਤੇ ਸਰਕਾਰਾਂ ਇਸ ਤਰ੍ਹਾਂ ਚੁੱਪ ਰਹਿਣਗੀਆਂ।
ਇਸ ਸਬੰਧੀ ਸ਼ਰਨਜੀਤ ਸਿੰਘ ਢਿੱਲੋਂ ਨੇ ਬੈਂਸ ਦੇ ਪਿਛੋਕੜ ਬਾਰੇ ਦੱਸਿਆ ਕਿ ਉਸ ਦੇ ਸਬੰਧ ਇੱਕ ਨਾਲ ਨਹੀਂ ਸਗੋਂ ਹੋਰਨਾਂ ਕਈਆਂ ਨਾਲ ਸਨ। ਇਹ ਆਪਣੀ ਪਾਰਟੀ ਦੇ ਨਾਂ ਨੂੰ ਗਲਤ ਸਾਬਤ ਕਰਦਿਆਂ ਲੋਕਾਂ ਨਾਲ ਬੇਇਨਸਾਫੀ ਕਰ ਰਹੇ ਹਨ। ਉਨ੍ਹਾਂ ਲੋਕ ਇਨਸਾਫ ਪਾਰਟੀ ਬਾਰੇ ਕਿਹਾ ਕਿ ਇਹ ਸਾਰੇ ਲੋਕਾਂ ਨੂੰ ਬਲੈਕਮੇਲ ਕਰਦੇ ਆਏ ਹਨ। 500 ਗਜ਼ ਦੇ ਪਲਾਟ ਨੂੰ ਕਾਗਜ਼ਾਂ ‘ਚ 100 ਗਜ਼ ਸ਼ੋਅ ਕੀਤਾ ਗਿਆ ਹੈ। ਸਿਰਫ ਆਪਣੀ ਜਿੱਤ ਲਈ ਪਾਰਟੀ ਬਦਲਦੇ ਰਹਿੰਦੇ ਹਨ। ਕੋਈ ਵਿਕਾਸ ਦਾ ਕੰਮ ਨਹੀਂ ਕੀਤਾ। ਢਿੱਲੋਂ ਨੇ ਕਿਹਾ ਕਿ ਇਸ ਮਾਮਲੇ ਦੀ ਸੀ. ਬੀ. ਆਈ. ਜਾਂਚ ਕੀਤੀ ਜਾਣੀ ਚਾਹੀਦੀ ਹੈ।
ਹਰੀਸ਼ ਨੇ ਦੱਸਿਆ ਕਿ ਔਰਤ ਦੀ ਸ਼ਿਕਾਇਤ ਜਨਤਕ ਹੋ ਗਈ ਹੈ। ਕਾਂਗਰਸ ਸਰਕਾਰ ਦੀ ਸ਼ਹਿ ‘ਤੇ ਹੀ ਬੈਂਸ ਖਿਲਾਫ ਹੁਣ ਤੱਕ ਕੇਸ ਦਰਜ ਨਹੀਂ ਕੀਤਾ ਗਿਆ। ਆਸ਼ੂ ਨਾਲ ਸਿਮਰਜੀਤ ਬੈਂਸ ਦੀ ਘਿਓ ਖਿਚੜੀ ਹੋਣ ਕਾਰਨ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਸ ਨੂੰ ਸਿਆਸੀ ਚਾਲ ਦੱਸ ਕੇ ਬੈਂਸ ਇਸ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹਨ। ਸਿਧਾਂਤਕ ਗੱਲਾਂ ਕਰਨ ਵਾਲੀ ਪਾਰਟੀ ਆਮ ਆਦਮੀ ਪਾਰਟੀ ਇਸ ਲਈ ਚੁੱਪ ਬੈਠੀ ਹੈ ਕਿਉਂਕਿ ਇਹ ਪਿਛਲੀਆਂ ਚੋਣਾਂ ‘ਚ ਤੁਹਾਡਾ ਸਾਥੀ ਸੀ। ਕੈਪਟਨ ਸਾਹਿਬ ਵੀ ਇਸ ਮੁੱਦੇ ‘ਤੇ ਚੁੱਪ ਹਨ। ਕੈਪਟਨ ਸਰਕਾਰ ਵੱਲੋਂ ਔਰਤ ਨੂੰ ਡਰਾਉਣ, ਧਮਕਾਉਣ ਲਈ ਸਮਾਂ ਦਿੱਤਾ ਜਾ ਰਿਹਾ ਹੈ? ਉਨ੍ਹਾਂ ਔਰਤ ਵੱਲੋਂ ਜਾਰੀ ਕੀਤੀਆਂ ਗਈਆਂ ਵ੍ਹਟਸਐਪ ਚੈਟਾਂ ਬਾਰੇ ਵੀ ਦੱਸਿਆ ਗਿਆ। ਇਸ ਤਰ੍ਹਾਂ ਵੱਖ-ਵੱਖ ਵਿਰੋਧੀ ਧਿਰਾਂ ਵੱਲੋਂ ਲਗਾਤਾਰ ਬੈਂਸ ਖਿਲਾਫ ਜਲਦ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਕਬੱਡੀ ਕੁਮੈਂਟੇਟਰ ਰੁਪਿੰਦਰ ਜਲਾਲ ਤੋਂ ਸੁਣੋ ਸ਼ੰਭੂ ਮੋਰਚੇ ਦੇ ਧਰਨਿਆਂ ਦਾ ਸੱਚ