Pen drop strike : ਪੰਜਾਬ ਸਿਵਲ ਸਕੱਤਰੇਤ ਅਤੇ ਚੰਡੀਗੜ੍ਹ ਤੇ ਮੋਹਾਲੀ ਸਥਿਤ ਪੰਜਾਬ ਸਰਕਾਰ ਦੇ ਸਾਰੇ ਦਫਤਰਾਂ ਦੇ ਮੁਲਾਜ਼ਮਾਂ ਨੇ ਬੀਤੇ ਦਿਨ ਤੋਂ ਸੂਬਾ ਸਰਾਕਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਦੇ ਵਿਰੋਧ ਵਿਚ ਪੰਜਾਬ ਰਾਜ ਮਿਨਸਟ੍ਰੀਅਲ ਸਰਵਿਸ ਯੂਨੀਅਨ (ਪੀਐਸਐਮਐਸਯੂ) ਦੇ ਸੱਦੇ ’ਤੇ ਕਲਮ ਛੋੜ ਹੜਤਾਲ ’ਤੇ ਚਲੇ ਗਏ ਹਨ। ਇਹ ਹੜਤਾਲ 14 ਅਗਸਤ ਤੱਕ ਜਾਰੀ ਰਖਣ ਦਾ ਐਲਾਨ ਵੀ ਕੀਤਾ ਗਿਆ ਹੈ।
ਇਸ ਹੜਤਾਲ ਦੌਰਾਨ ਪੰਜਬ ਸਿਵਲ ਸਕੱਤਰੇਤ ਦੇ ਮੁਲਾਜ਼ਮਾਂ ਨੇ ਸਕੱਤਰੇਤ ਵਿਚ ਸਥਿਤ ਕੈਬਨਿਟ ਮੰਤਰੀਆਂ ਦੇ ਦਫਤਰਾਂ ਵਿਚ ਕੰਮਕਾਜ ਠੱਪ ਕਰਵਾ ਦਿੱਤਾ। ਦੂਜੇ ਪਾਸੇ, ਸਰਾਕਰ ਦੇ ਵੱਖ-ਵੱਖ ਡਾਇਰੈਕਟੋਰੇਟਾਂ ਦੇ ਮੁਲਾਜਮ਼ ਵੀ ਇਸ ਹੜਤਾਲ ਵਿਚ ਸ਼ਾਮਲ ਹੋ ਗਏ ਅਤੇ ਉਨ੍ਹਾਂ ਨੇ ਆਪਣੇ-ਆਪਣੇ ਫਤਰਾਂ ਵਿਚ ਕੰਮਕਾਜ ਠੱਪ ਕਰ ਦਿੱਤਾ। ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਯੂਟੀ ਦੇ ਕਨਵੀਰਨ ਅਤੇ ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਦੇ ਪ੍ਰਧਾਨ ਸੁਖਚੈਨ ਸਿੰਘ ਖਹਿਰਾ ਨੇ ਦੱਸਿਆ ਕਿ ਸਰਾਕ ਨੇ ਹੁਣੇ ਜਿਹੇ ਹੀ ਮੁਲਾਜ਼ਮਾਂ ਦੇ ਮੋਬਾਈਲ ਭੱਤੇ ਵਿਚ ਕਟੌਤੀ, ਨਵੀਂ ਭਰਤੀ ਕੇਂਦਰੀ ਪੇ-ਸਕੇਲ ਨਿਯਮਾਂ ਮੁਤਾਬਕ ਕਨਰ ਅਤੇ ਵਿਭਾਗਾਂ ਦੇ ਮੁੜਗਠਨ ਦੇ ਮੁਲਾਜ਼ਮ ਵਿਰੋਧੀ ਫੈਸਲੇ ਲਏ ਹਨ।
ਖਹਿਰਾ ਕਿਹਾ ਕਿ ਇਨ੍ਹਾਂ ਫੈਸਲਿਆਂ ਕਰਕੇ ਸਕੱਤਰੇਤ ਦੇ ਮੁਲਾਜ਼ਮਾਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਮੰਗਲਵਾਰ ਨੂੰ ਮੁਲਾਜ਼ਮਾਂ ਨੇ ਸਕੱਤਰੇਤ ਇਮਾਰਤ ਦੀਆਂ ਸਾਰੀਆਂ ਮੰਜ਼ਿਲਾਂ ’ਤੇ ਵਿਰੋਧ ਮਾਰਚ ਕਰਦੇ ਹੋਏ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਉਨ੍ਹਾਂ ਕਿਹਾ ਕਿਸਕੱਤਰੇਤ ਅਤੇ ਡਾਇਰੈਕਟੋਰੇਟ ਵਿਚ ਸ਼ੁਰੂ ਹੋਈ ਕਲਮ ਛੋੜ ਹੜਤਾਲ 14 ਅਗਸਤ ਤੱਕ ਇਸੇ ਤਰ੍ਹਾਂ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਪੀਐਸਐਮਐਸਯੂ ਦੇ ਸੱਦੇ ’ਤੇ ਪਹਿਲਾਂ ਹੀ ਸਾਰੇ ਡੀਸੀ ਦਫਤਰਾਂ ਵਿਚ ਬੀਤੀ 6 ਅਗਸਤ ਤੋਂ ਹੜਤਾਲ ਜਾਰੀ ਹੈ। ਉਨ੍ਹਾਂ ਕਿਹਾ ਕਿ 18 ਅਗਸਤ ਨੂੰ ਮੁਲਾਜ਼ਮਾਂ ਵੱਲੋਂ ਪੰਜਾਬ ਬੰਦ ਕੀਤਾ ਜਾਵੇਗਾ, ਜਿਸ ਅਧੀਨ ਵੱਖ-ਵੱਖ ਸਥਾਨਾਂ ’ਤੇ ਚੱਕਾ ਜਾਮ ਕੀਤਾ ਜਾਵੇਗਾ। ਇਸ ਵਿਚ ਸਾਰੇ ਤਕਨੀਕੀ ਅਤੇ ਗੈਰ-ਤਕਨੀਕੀ ਮੁਲਾਜ਼ਮ, ਸਰਕਾਰੀ ਅਧਿਆਪਕ, ਪਟਵਾਰੀ, ਸਫਾਈ ਮੁਲਾਜ਼ਮਾਂ ਸਣੇ ਦਰਜਾ-4 ਮੁਲਾਜ਼ਮ ਵੀ ਸ਼ਾਮਲ ਹੋਣਗੇ।