ਪਰਾਲੀ ਸਾੜਨ ਦੇ ਮਾਮਲੇ ਦਿਨ ਪ੍ਰਤੀ ਦਿਨ ਰਿਕਾਰਡ ਤੋੜ ਰਹੇ ਹਨ। ਪਿਛਲੇ ਛੇ ਦਿਨਾਂ ਵਿੱਚ ਪਰਾਲੀ ਸਾੜਨ ਦੇ ਮਾਮਲੇ 5 ਗੁਣਾ ਵੱਧ ਗਏ ਹਨ। ਸ਼ੁੱਕਰਵਾਰ ਨੂੰ ਰਿਕਾਰਡ 766 ਮਾਮਲੇ ਸਾਹਮਣੇ ਆਏ। ਪਿਛਲੇ ਚਾਰ ਦਿਨਾਂ ਵਿੱਚ ਪਰਾਲੀ ਸਾੜਨ ਦੇ ਕੁੱਲ 2113 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ, ਇਸ ਸੀਜ਼ਨ ਵਿੱਚ ਕੁੱਲ ਕੇਸਾਂ ਦੀ ਗਿਣਤੀ 4059 ਹੋ ਗਈ ਹੈ। ਜਦੋਂ ਕਿ ਇਸ ਸਮੇਂ ਤੱਕ ਸਾਲ 2021 ਵਿੱਚ ਕੁੱਲ 6742 ਅਤੇ ਸਾਲ 2022 ਵਿੱਚ 8147 ਮਾਮਲੇ ਸਾਹਮਣੇ ਆਏ ਸਨ।
ਸ਼ੁੱਕਰਵਾਰ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ‘ਚ ਪਰਾਲੀ ਸਾੜਨ ਦੇ 766 ਮਾਮਲੇ ਸਾਹਮਣੇ ਆਏ, ਜਿਨ੍ਹਾਂ ‘ਚੋਂ ਸਭ ਤੋਂ ਵੱਧ 104 ਤਰਨਤਾਰਨ ਅਤੇ ਸਭ ਤੋਂ ਘੱਟ ਰੂਪਨਗਰ ‘ਚ ਸਿਰਫ 2 ਮਾਮਲੇ ਸਾਹਮਣੇ ਆਏ। ਇਸ ਦੇ ਨਾਲ ਹੀ ਸੰਗਰੂਰ ਵਿੱਚ 98, ਪਟਿਆਲਾ ਤੋਂ 97, ਅੰਮ੍ਰਿਤਸਰ ਤੋਂ 76, ਫ਼ਿਰੋਜ਼ਪੁਰ ਤੋਂ 62, ਫ਼ਤਿਹਗੜ੍ਹ ਸਾਹਿਬ ਤੋਂ 51, ਮੋਗਾ ਤੋਂ 45, ਮਾਨਸਾ ਤੋਂ 38, ਲੁਧਿਆਣਾ ਤੋਂ 31, ਕਪੂਰਥਲਾ ਤੋਂ 37, ਜਲੰਧਰ ਤੋਂ 30 ਕੇਸ ਦਰਜ ਕੀਤੇ ਗਏ ਹਨ।
ਦੂਜੇ ਪਾਸੇ, ਪਰਾਲੀ ਸਾੜਨ ਦੇ ਵਧਦੇ ਮਾਮਲਿਆਂ ਕਾਰਨ, AQI ਪੱਧਰ ਵਿੱਚ ਉਤਰਾਅ-ਚੜ੍ਹਾਅ ਆ ਰਿਹਾ ਹੈ। ਸ਼ੁੱਕਰਵਾਰ ਨੂੰ ਅੰਮ੍ਰਿਤਸਰ ਦਾ AQI 144, ਬਠਿੰਡਾ 73, ਜਲੰਧਰ 114, ਖੰਨਾ 122, ਲੁਧਿਆਣਾ 151, ਮੰਡੀ ਗੋਬਿੰਦਗੜ੍ਹ 124 ਅਤੇ ਪਟਿਆਲਾ 134 ਸੀ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਦੇ ਚੇਅਰਮੈਨ ਆਦਰਸ਼ ਪਾਲ ਵਿੱਗ ਅਨੁਸਾਰ ਬੋਰਡ ਟੀਮਾਂ ਰਾਹੀਂ ਕਿਸਾਨਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।
ਇਹ ਵੀ ਪੜ੍ਹੋ : ਬਿਜਲੀ ਚੋਰੀ ‘ਤੇ ਪਾਵਰਕਾਮ ਹੋਈ ਸਖ਼ਤ, 46 ਖਪਤਕਾਰਾਂ ਨੂੰ ਕੀਤਾ 9.27 ਲੱਖ ਰੁਪਏ ਦਾ ਜੁਰਮਾਨਾ
ਪਰਾਲੀ ਸਾੜਨ ਦੇ ਮਾਮਲਿਆਂ ਦੇ ਅੰਕੜਿਆਂ ਦੀ ਗੱਲ ਕਰੀਏ ‘ਤਾਂ 21 ਅਕਤੂਬਰ ਨੂੰ 146 ਮਾਮਲੇ ਦਰਜ ਕੀਤੇ ਗਏ ਸਨ। ਇਸ ਦੇ ਨਾਲ ਹੀ 22 ਅਕਤੂਬਰ ਨੂੰ 30 ਮਾਮਲੇ, 23 ਅਕਤੂਬਰ ਨੂੰ 152 ਮਾਮਲੇ, 24 ਅਕਤੂਬਰ ਨੂੰ 360 ਮਾਮਲੇ, 25 ਅਕਤੂਬਰ ਨੂੰ 398 ਮਾਮਲੇ, 26 ਅਕਤੂਬਰ ਨੂੰ 589 ਮਾਮਲੇ ਅਤੇ 27 ਅਕਤੂਬਰ ਨੂੰ 766 ਪਰਾਲੀ ਸਾੜਨ ਦੇ ਮਾਮਲੇ ਦਰਜ ਕੀਤੇ ਗਏ।
ਖੇਤੀ ਮਾਹਿਰਾਂ ਅਨੁਸਾਰ ਹਰਿਆਣਾ ਵਿੱਚ ਕਰੀਬ 70 ਫ਼ੀਸਦੀ ਕਿਸਾਨਾਂ ਨੇ ਫ਼ਸਲ ਦੀ ਕਟਾਈ ਕਰ ਲਈ ਹੈ, ਜਦੋਂ ਕਿ ਪੰਜਾਬ ਵਿੱਚ ਸਿਰਫ਼ 60 ਫ਼ੀਸਦੀ ਹੀ ਫ਼ਸਲ ਦੀ ਕਟਾਈ ਹੋਈ ਹੈ। ਪੰਜਾਬ ਵਿੱਚ ਅਕਤੂਬਰ ਦੇ ਆਖ਼ਰੀ ਹਫ਼ਤੇ ਤੋਂ ਲੈ ਕੇ 15 ਨਵੰਬਰ ਤੱਕ ਫ਼ਸਲ ਦੀ ਕਟਾਈ ਕੀਤੀ ਜਾਵੇਗੀ ਅਤੇ ਇਸ ਸਮੇਂ ਦੌਰਾਨ ਪਰਾਲੀ ਸਾੜਨ ਦੇ ਮਾਮਲੇ ਹੋਰ ਵੱਧ ਸਕਦੇ ਹਨ। ਅਜਿਹੇ ‘ਚ ਦੀਵਾਲੀ ਦੇ ਆਸ-ਪਾਸ ਵਧਦਾ ਪ੍ਰਦੂਸ਼ਣ ਸੂਬੇ ਦੇ ਲੋਕਾਂ ਨੂੰ ਪਰੇਸ਼ਾਨ ਕਰ ਸਕਦਾ ਹੈ। ਹਾਲਾਂਕਿ ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਸੂਬੇ ਦੇ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰ ਰਹੀਆਂ ਹਨ।
ਵੀਡੀਓ ਲਈ ਕਲਿੱਕ ਕਰੋ –