Petrol pump refueling : ਕੋਰੋਨਾ ਵਾਇਰਸ ਨੇ ਇੱਕ ਵਾਰ ਫਿਰ ਤੋਂ ਰਫਤਾਰ ਫੜ ਲਈ ਹੈ। ਇਸ ਦੂਜੀ ਲਹਿਰ ‘ਚ ਪ੍ਰਸ਼ਾਸਨ ਵੱਲੋਂ ਵੀ ਸਖਤਾਈ ਵਰਤੀ ਜਾ ਰਹੀ ਹੈ ਤੇ ਹਰੇਕ ਜਿਲ੍ਹਾ ਪ੍ਰਸ਼ਾਸਨ ਵੱਲੋਂ ਹੁਕਮ ਜਾਰੀ ਕੀਤੇ ਜਾ ਰਹੇ ਹਨ। ਇਸੇ ਅਧੀਨ ਜਿਲ੍ਹਾ ਸੰਗਰੂਰ ਵਿਖੇ ਪੈਟਰੋਲ ਪੰਪਾਂ ‘ਤੇ ਵੀ ਮਾਸਕ ਪਾਉਣਾ ਜ਼ਰੂਰੀ ਹੋ ਗਿਆ ਹੈ ਤੇ ਜੇ ਕੋਈ ਬਿਨਾਂ ਮਾਸਕ ਤੋਂ ਆਪਣੇ ਵਾਹਨ ‘ਚ ਪੈਟਰੋਲ ਪੁਆਉਣ ਆਉਂਦਾ ਹੈ ਤਾਂ ਉਸ ਨੂੰ ਤੇਲ ਨਹੀਂ ਮਿਲੇਗਾ। ਇਹ ਐਲਾਨ ਪੁਲਿਸ ਮੁਖੀ ਵਿਵੇਕਸ਼ੀਲ ਸੋਨੀ ਵੱਲੋਂ ਕੀਤਾ ਗਿਆ।
ਜਿਲ੍ਹਾ ਪ੍ਰਸ਼ਾਸਨ ਵੱਲੋਂ ਵਾਰ-ਵਾਰ ਲੋਕਾਂ ਨੂੰ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਕਿ ਜੇ ਕੋਰੋਨਾ ਵਰਗੀ ਮਹਾਮਾਰੀ ਤੋਂ ਬਚਾਅ ਕਰਨਾ ਹੈ ਤਾਂ ਮਾਸਕ ਜ਼ਰੂਰ ਪਾਓ, ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖੋ ਤੇ ਸਮੇਂ-ਸਮੇਂ ‘ਤੇ ਹੱਥਾਂ ਨੂੰ ਸੈਨੇਟਾਈਜ ਕਰੋ ਤਾਂ ਜੋ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਇਆ ਜਾ ਸਕੇ। ਪੁਲਿਸ ਮੁਖੀ ਸੋਨੀ ਵੱਲੋਂ ਲੋਕਾਂ ਨੂੰ ਮਾਸਕ ਦੀ ਵਰਤੋਂ ਬਾਰੇ ਸੁਚੇਤ ਕਰਨ ਲਈ ਪੈਟਰੋਲ ਪੰਪਾਂ ਸਮੇਤ ਹੋਰ ਜਨਤਕ ਥਾਵਾਂ ‘ਤੇ ਮਾਸਕ ਦੀ ਵਰਤੋਂ ਲਾਜਮੀ ਕੀਤੀ ਗਈ ਹੈ ਅਤੇ ਇਸ ਲਈ ਜਗ੍ਹਾ-ਜਗ੍ਹਾ ਬੋਰਡ ਵੀ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਕੋਰੋਨਾ ਦੇ ਕੇਸ ਬਹੁਤ ਤੇਜ਼ੀ ਨਾਲ ਵੱਧ ਰਹੇ ਹਨ। ਇਸ ਲਈ ਅਹਿਤਿਆਤ ਵਰਤਣੀ ਸਾਡਾ ਪਹਿਲਾ ਫਰਜ਼ ਹੈ। ਪੁਲਿਸ ਮੁਖੀ ਨੇ ਜਿਲ੍ਹੇ ਦੇ ਲੋਕਾਂ ਨੂੰ ਸਹਿਯੋਗ ਦੀ ਵੀ ਅਪੀਲ ਕੀਤੀ ਤਾਂ ਜੋ ਮਿਲ ਕੇ ਇਸ ਭਿਆਨਕ ਮਹਾਮਾਰੀ ਨੂੰ ਕੰਟਰੋਲ ਕੀਤਾ ਜਾ ਸਕੇ।
ਸੂਬਾ ਸਰਕਾਰ ਕੋਰੋਨਾ ਨੂੰ ਲੈ ਕੇ ਕਾਫੀ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਸਾਰੇ ਸਕੂਲ, ਕਾਲਜ 31 ਮਾਰਚ ਤੱਕ ਬੰਦ ਕਰ ਦਿੱਤੇ ਗਏ ਹਨ। ਸਮੂਹਿਕ ਇਕੱਠਾਂ ‘ਤੇ ਵੀ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ ਤਾਂ ਜੋ ਕੋਰੋਨਾ ਦੇ ਵਧਦੇ ਪਸਾਰ ਨੂੰ ਸਮੇਂ ਰਹਿੰਦਿਆਂ ਹੀ ਕੰਟਰੋਲ ਕੀਤਾ ਜਾ ਸਕੇ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਸਕ ਨਾ ਪਹਿਨਣ ਵਾਲਿਆਂ ‘ਤੇ ਤੁਰੰਤ ਉਨ੍ਹਾਂ ਦਾ ਕੋਰੋਨਾ ਟੈਸਟ ਕਰਵਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ।