PGI launches trial :ਕੋਰੋਨਾ ਦੇ ਵਧਦੇ ਪ੍ਰਕੋਪ ਨੂੰ ਦੇਖਦੇ ਹੋਏ PGI ਵਲੋਂ ਵੱਡਾ ਕਦਮ ਚੁੱਕਿਆ ਗਿਆ ਹੈ। ਪੀ. ਜੀ. ਆਈ. ‘ਚ ਆਕਸਫੋਰਡ ਦੀ ਵੈਕਸੀਨ ਕੋਵੋਸ਼ਿਲਡ ਦਾ ਟ੍ਰਾਇਲ ਸ਼ੁਰੂ ਹੋ ਗਿਆ ਹੈ। ਪੀ. ਜੀ. ਆਈ. ਨੂੰ ਇਸ ਵੈਕਸੀਨ ਦੇ ਟ੍ਰਾਇਲ ਲਈ ਪੂਰੇ ਭਾਰਤ ਤੋਂ 17 ਸੈਂਟਰਾਂ ਵਿਚੋਂ ਚੁਣਿਆ ਗਿਆ ਹੈ। ਪੁਣੇ ਦੇ ਸਿਰਮ ਇੰਸਟੀਚਿਊਟ ਵਲੋਂ ਬਣਾਈ ਜਾ ਰਹੀ ਇਸ ਵੈਕਸੀਨ ਦਾ ਟ੍ਰਾਇਲ ਹੁਣ ਚੰਡੀਗੜ੍ਹ ਪੀ. ਜੀ. ਆਈ. ਚੰਡੀਗੜ੍ਹ ਕੋਰੋਨਾ ਮਰੀਜ਼ਾਂ ‘ਤੇ ਕਰੇਗਾ। ਪੀ. ਜੀ. ਆਈ. ਦੇ ਕਮਿਊਨਿਟੀ ਮੈਡੀਸਨ ਡਿਪਾਰਟਮੈਂਟ ਦੀ ਸੀਨੀਅਰ ਡਾ. ਮਧੂ ਨੂੰ ਇਸ ਪ੍ਰਾਜੈਕਟ ਲਈ ਪ੍ਰਿੰਸੀਪਲ ਇਨਵੈਸਟੀਗੇਟਰ ਬਣਾਇਆ ਗਿਆ ਹੈ। ਡਾ. ਮਧੂ ਨੇ ਦੱਸਿਆ ਕਿ ਹੁਣ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਵਲੋਂ PGI ਚੰਡੀਗੜ੍ਹ ਨੂੰ ਇਸ ਵੈਕਸੀਨ ਟ੍ਰਾਇਲ ਲਈ ਚੁਣਿਆ ਗਿਆ ਹੈ। ਵੈਕਸੀਨ ਦੇ ਟ੍ਰਾਇਲ ਦੇ ਨਤੀਜੇ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਵੈਕਸੀਨ ਕੋਰੋਨਾ ਮਰੀਜ਼ਾਂ ਲਈ ਕਿੰਨੀ ਕੁ ਕਾਰਗਰ ਹੈ।
ਚੰਡੀਗੜ੍ਹ ਪੀ. ਜੀ. ਆਈ. ਪਹਿਲਾਂ ਇਸ ਵੈਕਸੀਨ ਦਾ ਸੇਫਟੀ ਟ੍ਰਾਇਲ ਕਰੇਗਾ। ਡਾ. ਮਧੂ ਨੇ ਦੱਸਿਆ ਕਿ ਆਕਸਫੋਰਡ ‘ਚ ਇਸ ਵੈਕਸੀਨ ਦੇ ਸੇਫਟੀ ਟ੍ਰਾਇਲ ਦੇ ਬਾਅਦ ਹੀ ਇਸ ਦੇ ਕੋਰੋਨਾ ਮਰੀਜ਼ਾਂ ‘ਤੇ ਇਸਤੇਮਾਲ ਕੀਤਾ ਜਾਵੇਗਾ ਪਰ ਇਸ ਲਈ ਪਹਿਲਾਂ ਐਥੀਕਲ ਕਮੇਟੀ ਤੋਂ ਮਨਜ਼ੂਰੀ ਲੈਣੀ ਹੋਵੇਗੀ। ਉਨ੍ਹਾਂ ਦੱਸਿਆ ਕਿ ਵੈਕਸੀਨ ਦਾ ਟ੍ਰਾਇਲ ਉਨ੍ਹਾਂ ਲੋਕਾਂ ‘ਤੇ ਜਾਂ ਵਲੰਟੀਅਰਾਂ ‘ਤੇ ਕੀਤਾ ਜਾਵੇਗਾ ਜਿਨ੍ਹਾਂ ਦੀ ਉਮਰ 18 ਸਾਲ ਤੋਂ ਵਧ ਹੋਵੇ ਅਤੇ ਉਨ੍ਹਾਂ ਨੂੰ ਕੋਰੋਨਾ ਨਾ ਹੋਵੇ। ਉਨ੍ਹਾਂ ‘ਤੇ ਇਸ ਵੈਕਸੀਨ ਦੇ ਟ੍ਰਾਇਲ ਦੌਰਾਨ ਸਰੀਰ ‘ਚ ਆਉਣ ਵਾਲੇ ਬਦਲਾਅ ‘ਤੇ ਨਜ਼ਰ ਰੱਖੀ ਜਾਵੇਗੀ। ਉਨ੍ਹਾਂ ਨੂੰ ਡਾਕਟਰਾਂ ਦੀ ਨਿਗਰਾਨੀ ‘ਚ ਰੱਖਿਆ ਜਾਵੇਗਾ ਤਾਂ ਕਿ ਇਨ੍ਹਾਂ ਵਲੰਟੀਅਰਾਂ ਦੇ ਹਰ ਸਰੀਰਕ ਬਦਲਾਅ ਨੂੰ ਰਿਪੋਰਟ ਵਿਚ ਸ਼ਾਮਲ ਕੀਤਾ ਜਾਵੇਗਾ।
PGI ਦੇ ਡਾਇਰੈਕਟਰ ਪ੍ਰੋ. ਜਗਤ ਰਾਮ ਨੇ ਦੱਸਿਆ ਕਿ ਇਸ ਵੈਕਸੀਨ ਦੇ ਟ੍ਰਾਇਲ ਲਈ 300 ਤੋਂ 400 ਲੋਕਾਂ ਦੀ ਸਕਰੀਨਿੰਗ ਕੀਤੀ ਜਾਵੇਗੀ। ਇਨ੍ਹਾਂ ਵਿਚੋਂ 200 ਲੋਕਾਂ ਨੂੰ ਸਕ੍ਰੀਨਿੰਗ ਲਈ ਚੁਣਿਆ ਜਾਵੇਗਾ। ਸਤੰਬਰ ਦੇ ਪਹਿਲੇ ਹਫਤੇ ਇਸ ਵੈਕਸੀਨ ਦਾ ਟ੍ਰਾਇਲ ਸ਼ੁਰੂ ਹੋ ਜਾਵੇਗਾ। ਟ੍ਰਾਇਲ ਦੌਰਾਨ ਪੀ. ਜੀ. ਆਈ. ਦੇ ਕਮਿਊਨਿਟੀ ਮੈਡੀਸਨ, ਵਾਇਰੋਲੌਜੀ, ਇੰਟਰਨਲ ਮੈਡੀਸਨ ਤੇ ਫਾਰਮੋਕੋਲਾਜੀ ਦੇ ਸੀਨੀਅਰ ਡਾਕਟਰ ਸ਼ਾਮਲ ਹੋਣਗੇ। ਟ੍ਰਾਇਲ ਨੂੰ ਪੂਰਾ ਹੋਣ ‘ਚ ਘੱਟ ਤੋਂ ਘੱਟ 6 ਮਹੀਨੇ ਦਾ ਸਮਾਂ ਲੱਗੇਗਾ।