ਜਲੰਧਰ ਸ਼ਹਿਰ ਵਿੱਚ ਅੱਜ ਤੋਂ ਪੋਲੀਥੀਨ ਖ਼ਿਲਾਫ਼ ਸਖ਼ਤ ਕਾਰਵਾਈ ਸ਼ੁਰੂ ਹੋ ਗਈ ਹੈ। ਹੁਣ ਜੇਕਰ ਤੁਸੀਂ ਸਬਜ਼ੀ ਜਾਂ ਹੋਰ ਸਮਾਨ ਲੈਣ ਲਈ ਘਰੋਂ ਨਿਕਲਦੇ ਹੋ ਤਾਂ ਆਪਣੇ ਨਾਲ ਕੱਪੜੇ ਜਾਂ ਜੂਟ ਦਾ ਬੈਗ ਜ਼ਰੂਰ ਰੱਖੋ। ਜੇ ਪੋਲੀਥੀਨ ਦਾ ਲਿਫਾਫਾ ਹੱਥ ‘ਚ ਦਿਸਿਆ ਤਾਂ ਜੁਰਮਾਨਾ ਭਰਨਾ ਪੈ ਸਕਦਾ ਹੈ। ਪੋਲੀਥੀਨ ਦੀ ਵਰਤੋਂ ਕਰਨ ਵਾਲਿਆਂ ਦੇ ਚਾਲਾਨ ਕੱਟਣ ਦੀ ਮੁਹਿੰਮ ਅੱਜ ਤੋਂ ਸ਼ਹਿਰ ਵਿੱਚ ਸ਼ੁਰੂ ਹੋ ਗਈ ਹੈ।
ਨਗਰ ਨਿਗਮ ਨੇ ਸ਼ਹਿਰ ਦੇ ਸਮੂਹ ਦੁਕਾਨਦਾਰਾਂ ਅਤੇ ਸਬਜ਼ੀ ਵਿਕਰੇਤਾਵਾਂ ਨੂੰ ਪਹਿਲਾਂ ਹੀ ਚਿਤਾਵਨੀ ਦਿੱਤੀ ਹੈ ਕਿ ਜੇਕਰ ਮੰਗਲਵਾਰ ਤੋਂ ਪਾਲੀਥੀਨ ਦਿਖਾਈ ਦਿੰਦਾ ਹੈ ਤਾਂ ਉਨ੍ਹਾਂ ਨੂੰ ਹੁਣ ਪੁੱਛਿਆ ਨਹੀਂ ਜਾਏਗਾ, ਸਗੋਂ ਸਿੱਧਾ ਚਾਲਾਨ ਕੱਟ ਕੇ ਉਨ੍ਹਾਂ ਨੂੰ ਹੱਥ ਵਿੱਚ ਫੜਾ ਦਿੱਤਾ ਜਾਏਗਾ। ਨਿਗਮ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਜੇ ਦੁਕਾਨਦਾਰ ਮਾਲ ਦੇਣਾ ਚਾਹੁੰਦੇ ਹਨ ਤਾਂ ਉਹ ਜੂਟ ਦੇ ਥੈਲਿਆਂ ਜਾਂ ਕੱਪੜਿਆਂ ਦੇ ਥੈਲਿਆਂ ‘ਚ ਦੇਣ। ਸਿੰਗਲ ਯੂਜ਼ ਪੋਲੀਥੀਨ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸ਼ਹਿਰ ਨੂੰ ਪੋਲੀਥੀਨ ਮੁਕਤ ਬਣਾਉਣ ਲਈ ਨਗਰ ਨਿਗਮ ਨੇ ‘ਜ਼ਿੰਦਗੀ ਕੋ ਹਾਂ, ਪਾਲੀਥੀਨ ਕੋ ਨਾ’ ਦਾ ਨਾਅਰਾ ਦੇ ਕੇ ਸ਼ਹਿਰ ਵਿੱਚ ਮੁਹਿੰਮ ਚਲਾਈ ਹੈ। ਇਸ ਮੁਹਿੰਮ ਵਿੱਚ ਨਿਗਮ ਦੇ ਅਧਿਕਾਰੀਆਂ ਦੇ ਨਾਲ-ਨਾਲ ਸਿਹਤ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਆਪਣੀ ਭੂਮਿਕਾ ਨਿਭਾਉਣਗੇ। ਸ਼ਹਿਰ ਨੂੰ ਪੋਲੀਥੀਨ ਮੁਕਤ ਬਣਾਉਣ ਲਈ ਸਾਰਿਆਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ।
ਨਗਰ ਨਿਗਮ ਦੇ ਕਮਿਸ਼ਨਰ ਦਵਿੰਦਰ ਸਿੰਘ ਨੇ ਵੀ ਸ਼ਹਿਰ ਨੂੰ ਪੋਲੀਥੀਨ-ਪਲਾਸਟਿਕ ਦੇ ਕੂੜੇ ਤੋਂ ਮੁਕਤ ਕਰਵਾਉਣ ਲਈ ਸਮੂਹ ਸਮਾਜ ਸੇਵੀ ਸੰਸਥਾਵਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ। ਪੋਲੀਥੀਨ ਦੀ ਵਰਤੋਂ ਵਿਰੁੱਧ ਮੁਹਿੰਮ ਸ਼ੁਰੂ ਕਰਨ ਤੋਂ ਪਹਿਲਾਂ ਉਨ੍ਹਾਂ ਬੀਤੇ ਦਿਨ ਜਲੰਧਰ ਵਿਖੇ ਦੁਕਾਨਦਾਰ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ, ਗੈਰ-ਸਰਕਾਰੀ ਸੰਸਥਾਵਾਂ ਦੇ ਅਧਿਕਾਰੀਆਂ ਆਦਿ ਨਾਲ ਮੀਟਿੰਗ ਵੀ ਕੀਤੀ ਅਤੇ ਵਰਕਸ਼ਾਪ ਲਾ ਕੇ ਉਨ੍ਹਾਂ ਨੂੰ ਇਸ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ।
ਇਹ ਵੀ ਪੜ੍ਹੋ : ਪੰਜਾਬ ਦੀ ਹਰਜਿੰਦਰ ਕੌਰ ਨੇ ਰਾਸ਼ਟਰਮੰਡਲ ਖੇਡਾਂ ‘ਚ ਜਿੱਤਿਆ ਕਾਂਸੀ ਤਮਗ਼ਾ, CM ਮਾਨ ਨੇ ਦਿੱਤੀ ਵਧਾਈ
ਉਨ੍ਹਾਂ ਸਾਰਿਆਂ ਨੂੰ ਪੋਲੀਥੀਨ ਦੀ ਵਰਤੋਂ ਬੰਦ ਕਰਨ ਲਈ ਕਿਹਾ। ਉਨ੍ਹਾਂ ਆਮ ਜਨਤਾ ਨੂੰ ਵੀ ਅਪੀਲ ਕੀਤੀ ਹੈ ਕਿ ਜੇ ਤੁਸੀਂ ਘਰੋਂ ਕੋਈ ਵੀ ਚੀਜ਼ ਖਰੀਦਣ ਲਈ ਬਾਹਰ ਜਾਂਦੇ ਹੋ ਤਾਂ ਆਪਣੇ ਨਾਲ ਕੱਪੜੇ ਦਾ ਬੈਗ ਰੱਖਣ ਦੀ ਆਦਤ ਬਣਾਓ।
ਵੀਡੀਓ ਲਈ ਕਲਿੱਕ ਕਰੋ -: