PP alerts regarding fraudulent messages : ਚੰਡੀਗੜ੍ਹ : ਪੰਜਾਬ ਪੁਲਿਸ ਨੇ ਨਾਗਰਿਕਾਂ ਨੂੰ ਕੋਵਿਡ ਸਬੰਧੀ ਸਰਕਾਰ ਵੱਲੋਂ ਰਾਹਤ ਪੈਕੇਜ ਸਬੰਧੀ ਆ ਰਹੇ ਧੋਖਾਧੜੀ ਵਾਲੇ ਮੈਸੇਜਿਸ ਤੋਂ ਸੁਚੇਤ ਰਹਿਣ ਲਈ ਕਿਹਾਹੈ। ਪੰਜਾਬ ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਵ੍ਹਾਟਸਐਪ ਜਾਂ ਐਸਐਮਐਸ ਰਾਹੀਂ ਸਰਕਾਰ ਵੱਲੋਂ 2000 ਰੁਪਏ ਦਾ ਮੁਫਤ ਕੋਵਿਡ ਰਾਹਤ ਪੈਕੇਜ ਸੰਬੰਧੀ ਕਿਸੇ ਵੀ ਤਰ੍ਹਾਂ ਦਾ ਮੈਸੇਜ ਆਉਂਦਾ ਹੈ ਤਾਂ ਉਹ ਉਸ ਨੂੰ ਨਾ ਖੋਲ੍ਹਣ ਅਤੇ ਨਾ ਹੀ ਉਸ ਨੂੰ ਕਿਸੇ ਨੂੰ ਅੱਗੇ ਭੇਜਣ। ਉਨ੍ਹਾਂ ਕਿਹਾ ਕਿ ਇਹ ਮਾਲਵੇਅਰ ਹੋ ਸਕਦਾ ਹੈ ਅਤੇ ਅਜਿਹੇ ਲਿੰਕ ’ਤੇ ਕਲਿੱਕ ਕਰਨ ’ਤੇ ਯੂਜ਼ਰ ਦਾ ਵਿੱਤੀ ਨੁਕਸਾਨ ਵੀ ਹੋ ਸਕਦਾ ਹੈ।
ਦੱਸਣਯੋਗ ਹੈ ਕਿ ਸੋਸ਼ਲ ਮੀਡੀਆ ’ਤੇ ਇਕ ਸੰਦੇਸ਼ ਵਿਚ ਲਿਖਿਆ ਹੈ ਕਿ ਸਰਕਾਰ ਨੇ ਹਰੇਕ ਨਾਗਰਿਕ ਨੂੰ 2 ਹਜ਼ਾਰ ਰੁਪਏ ਦੇ ਮੁਫ਼ਤ ਕੋਵਿਡ ਰਾਹਤ ਫੰਡ ਦੇਣੇ ਸ਼ੁਰੂ ਕਰ ਦਿੱਤੇ ਹਨ। ਇਸ ਦੇ ਨਾਲ ਹੀ ਇਕ ਲਿੰਕ ਦਿੱਤਾ ਹੁੰਦਾ ਹੈ, ਜਿਸ ਵਿਚ ਲਿਖਿਆ ਹੁੰਦਾ ਹੈ ਕਿ ਇਸ ਰਾਸ਼ੀ ਨੂੰ ਹਾਸਲ ਕਰਨ ਲਈ ਇਸ ਲਿੰਕ ’ਤੇ ਕਲਿੱਕ ਕਰੋ। ਇਕ ਵਾਰ ਜਦੋਂ ਕੋਈ ਵੀ ਯੂਆਰਐਲ (URL) ਉਤੇ ਕਲਿੱਕ ਕਰਨ ਤੋਂ ਬਾਅਦ ਪੇਜ ਖੋਲ੍ਹਦਾ ਹੈ, ਤਾਂ ਇਹ ਵਧਾਈ ਸੰਦੇਸ਼ ਦੇ ਨਾਲ ਖਾਤੇ ਵਿਚ ਆਉਣ ਸਬੰਧੀ ਇਕ ਮੈਸੇਜ ਦਰਸਾਉਂਦਾ ਹੈ, ਜਿਸ ਤੋਂ ਬਾਅਦ ਨਿੱਜੀ ਵੇਰਵੇ ਅਤੇ ਸਵਾਲ ਪੁੱਛੇ ਜਾਂਦੇ ਹਨ ਅਤੇ ਉਸ ਮੈਸੇਜ ਨੂੰ ਦੂਸਰੇ ਗਰੁੱਪ ’ਚ ਸ਼ੇਅਰ ਕਰਨ ਲਈ ਕਿਹਾ ਜਾਂਦਾ ਹੈ।
ਸਾਈਬਰ ਸੈੱਲ ਨੇ ਲੋਕਾਂ ਨੂੰ ਇਸ ਸਬੰਧ ਵਿੱਚ ਪੂਰੀ ਤਰ੍ਹਾਂ ਸੁਚੇਤ ਰਹਿਣ ਅਤੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਸ਼ੱਕੀ ਯੂ.ਆਰ.ਐਲ ਲਿੰਕਾਂ ਉਤੇ ਕਲਿੱਕ ਨਾ ਕਰਨ। ਉਨ੍ਹਾਂ ਕਿਹਾ ਅਜਿਹਾ ਮੈਸੇਜ ਆਉਣ ’ਤੇ ਅੱਗੇ ਭੇਜਣ ਦੀ ਬਜਾਏ ਇਸ ਨੂੰ ਤੁਰੰਤ ਡਿਲੀਟ ਕਰ ਦਿਓ। ਸਾਈਬਰ ਸੈੱਲ ਨੇ ਚਿਤਾਵਨੀ ਦਿੱਤੀ ਹੈ ਕਿ ਅਜਿਹਾ ਕਰਨ ’ਤੇ ਫੋਨ ਦਾ ਕੰਟਰੋਲ ਸਾਈਬਰ ਅਪਰਾਧੀਆਂ ਦੇ ਹੱਥ ਵਿੱਚ ਜਾ ਸਕਦਾ ਹੈ ਜਿਸ ਨਾਲ ਉਹ ਯੂ਼ਜ਼ਰ ਦਾ ਡਾਟਾ ਅਤੇ ਪੈਸਿਆਂ ਨਾਲ ਸਬੰਧਤ ਜਾਣਕਾਰੀ ਹਾਸਲ ਕਰ ਸਕਦੇ ਹਨ, ਜਿਸ ਨਾਲ ਉਨ੍ਹਾਂ ਦੇ ਬੈਂਕ ਖਾਤੇ ’ਚੋਂ ਪੈਸੇ ਵੀ ਜਾ ਸਕਦੇ ਹਨ।