Private bus owners : ਪੰਜਾਬ ਸਰਕਾਰ ਵੱਲੋਂ 1 ਅਪ੍ਰੈਲ ਤੋਂ ਪੰਜਾਬ ’ਚ ਔਰਤਾਂ ਨੂੰ ਮੁਫ਼ਤ ਸਫ਼ਰ ਸਹੂਲਤ ਦਿੱਤੀ ਗਈ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਤਾਂ ਪ੍ਰਾਈਵੇਟ ਬੱਸ ਮਾਲਕਾਂ ਨੂੰ ਵੀ ਔਰਤਾਂ ਨੂੰ ਬੱਸਾਂ ਵਿਚ ਛੋਟ ਦੇਣ ਦੀ ਅਪੀਲ ਕੀਤੀ ਸੀ। ਇਸੇ ਤਹਿਤ ਬਠਿੰਡਾ ਤੋਂ ਚੱਲਦੀ ਇੱਕ ਪ੍ਰਾਈਵੇਟ ਟਰਾਂਸਪੋਰਟ ਵੱਲੋਂ ਦੋ ਸਵਾਰੀਆਂ ਨਾਲ ਇੱਕ ਸਵਾਰੀ ਦਾ ਸਫਰ ਮੁਫਤ ਲਿਜਾਣ ਦਾ ਐਲਾਨ ਕੀਤਾ ਹੈ ਤੇ ਨਾਲ ਹੀ ਇਕ ਹੋਰਲ ਪ੍ਰਾਈਵੇਟ ਟਰਾਂਸਪੋਰਟਰ ਨੇ ਕਿਰਾਏ ਵਿਚ 15 ਤੋਂ 20 ਫੀਸਦੀ ਛੋਟ ਦੇਣੀ ਸ਼ੁਰੂ ਕਰ ਦਿੱਤੀ ਹੈ। ਪ੍ਰਾਈਵੇਟ ਬੱਸ ਮਾਲਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੀ ਮੁਫਤ ਸਹੂਲਤ ਨੇ ਪ੍ਰਾਈਵੇਟ ਬੱਸਾਂ ਨੂੰ ਖਾਲੀ ਕਰਾ ਦਿੱਤਾ ਹੈ।
ਪੰਜਾਬ ਰੋਡਵੇਜ਼ ਦੀਆਂ ਬੱਸਾਂ ‘ਚ ਹੁਣ ਔਰਤਾਂ ਦੀ ਸਵਾਰੀ ਬਹੁਤ ਵੱਧ ਗਈ ਹੈ। ਉਥੇ ਪੈਰ ਰੱਖਣ ਨੂੰ ਥਾਂ ਤੱਕ ਨਹੀਂ ਲੱਭ ਰਹੀ। ਵੇਰਵਿਆਂ ਅਨੁਸਾਰ ਪੰਜਾਬ ਰੋਡਵੇਜ਼ ਦੀਆਂ ਬੱਸਾਂ ’ਚ ਪੰਜ ਦਿਨਾਂ ਵਿੱਚ ਮਹਿਲਾ ਮੁਸਾਫ਼ਰਾਂ ਦਾ ਅੰਕੜਾ ਪੰਜ ਗੁਣਾ ਵਧ ਗਿਆ ਹੈ। ਰੋਡਵੇਜ਼ ਦੇ ਪੱਟੀ ਅਤੇ ਤਰਨ ਤਾਰਨ ਡਿੱਪੂ ’ਚ ਤਾਂ ਮਹਿਲਾ ਮੁਸਾਫ਼ਰਾਂ ਦੀ ਗਿਣਤੀ 70 ਫੀਸਦੀ ਤੱਕ ਪੁੱਜ ਗਈ ਹੈ ਪੀਆਰਟੀਸੀ ਰੋਜ਼ਾਨਾ 55 ਲੱਖ ਔਰਤਾਂ ਸਫ਼ਰ ਕਰਨ ਲੱਗੀਆਂ ਹਨ ਜਦੋਂ ਕਿ ਪਹਿਲਾਂ ਸਿਰਫ 40 ਫੀਸਦੀ ਔਰਤਾਂ ਹੁੰਦੀਆਂ ਸਨ। ਮੁਸਾਫ਼ਰ ਔਰਤਾਂ ਦੀ ਗਿਣਤੀ ’ਚ 15 ਤੋਂ 20 ਫੀਸਦੀ ਵਾਧਾ ਹੋਇਆ ਹੈ। ਪੀਆਰਟੀਸੀ ਨੂੰ ਪ੍ਰਤੀ ਮਹੀਨਾ 18 ਕਰੋੜ ਦਾ ਵਿੱਤੀ ਨੁਕਸਾਨ ਵੀ ਹੋਣ ਲੱਗਾ ਹੈ।
ਲੁਧਿਆਣਾ ਦੇ ਜਨਰਲ ਸਕੱਤਰ ਜਸਵਿੰਦਰ ਸਿੰਘ ਗਰੇਵਾਲ ਦਾ ਕਹਿਣਾ ਸੀ ਕਿ ਜਿਨ੍ਹਾਂ ਰੂਟਾਂ ’ਤੇ ਸਰਕਾਰੀ ਬੱਸ ਸਰਵਿਸ ਜ਼ਿਆਦਾ ਹੈ, ਉਨ੍ਹਾਂ ਰੂਟਾਂ ’ਤੇ ਪ੍ਰਾਈਵੇਟ ਬੱਸ ਸਰਵਿਸ ਨੂੰ ਵੱਡਾ ਧੱਕਾ ਲੱਗਾ ਹੈ। ਉਨ੍ਹਾਂ ਦੱਸਿਆ ਕਿ ਲੁਧਿਆਣਾ-ਪਠਾਨਕੋਟ ਰੂਟ ’ਤੇ ਜੋ ਬੱਸਾਂ ਠੇਕੇਦਾਰ ਚਲਾ ਰਹੇ ਸਨ, ਉਨ੍ਹਾਂ ਦੇ ਠੇਕੇ ’ਚ ਬੱਸ ਮਾਲਕਾਂ ਨੂੰ ਕਰੀਬ ਤਿੰਨ ਹਜ਼ਾਰ ਰੁਪਏ ਦੀ ਪ੍ਰਤੀ ਦਿਨ ਕਟੌਤੀ ਕਰਨੀ ਪਈ ਹੈ। ਮੁਕਤਸਰ ਤੋਂ ਮੋਹਾਲੀ ਰੂਟ ’ਤੇ ਠੇਕੇ ’ਚ ਦੋ ਹਜ਼ਾਰ ਦੀ ਕਟੌਤੀ ਹੋਈ ਹੈ। ਔਰਤ ਸਵਾਰੀਆਂ ਨੂੰ ਸਹੂਲਤ ਦੇਣ ਲਈ ਨਿੱਜੀ ਬੱਸ ਆਪ੍ਰੇਟਰਾਂ ਨੂੰ ਇੱਕ ਨਾਲ ਇੱਕ ਮੁਫਤ ਸਵਾਰੀ ਦੇ ਐਲਾਨ ਕਰਨ ਨੂੰ ਮਜਬੂਰ ਹੋਣਾ ਪੈ ਰਿਹਾ ਹੈ।