PSEB will charge private : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਟੀਵੀ ’ਤੇ ਪ੍ਰਸਾਰਿਤ ਹੋ ਰਹੇ ਲੈਕਚਰਾਂ ਨੂੰ ਲੈ ਕੇ ਨਿੱਜੀ ਸਕੂਲਾਂ ’ਤੇ ਪ੍ਰਸਾਰਣ ਫੀਸ ਵਸੂਲਣ ਦਾ ਫਰਮਾਨ ਜਾਰੀ ਕੀਤਾ ਗਿਆ ਹੈ। ਹੁਣ ਨਿੱਜੀ ਸਕੂਲ ਸੰਚਾਲਕ ਨੂੰ ਇਸ ਦੇ ਬਦਲੇ ’ਚ ਬੋਰਡ ਨੂੰ ਸਾਲਾਨਾ ਫੀਸ ਦਾ ਭੁਗਤਾਨ ਕਰਨਾ ਪਏਗਾ। ਇਸ ਦੇ ਸੀਨੀਅਰ ਸੈਕੰਡਰੀ ਸਕੂਲਾਂ ਨੂੰ ਮਹੀਨਾਵਾਰ 700 ਤੇ ਸਾਲਾਨਾ 8400 ਰੁਪਏ, ਹਾਈ ਸਕੂਲਾਂ ਨੂੰ ਮਹੀਨਾਵਾਰ 500 ਤੇ ਸਾਲਾਨਾ 6000 ਰੁਪਏ, ਮਿਡਲ ਸਕੂਲ ਨੂੰ ਮਹੀਨਾਵਾਰ 200 ਤੇ ਸਾਲਾਨਾ 2400 ਰੁਪਏ ਤੇ ਪ੍ਰਾਇਮਰੀ ਸਕੂਲ ਨੂੰ ਮਹੀਨਾਵਾਰ 100 ਤੇ ਸਾਲਾਨਾ 1200 ਰੁਪਏ ਫੀਸ ਭਰਨੀ ਪਏਗੀ।
ਦੱਸਣਯੋਗ ਹੈ ਕਿ ਕੋਰੋਨਾ ਸੰਕਟ ਦੇ ਚੱਲਦਿਆਂ ਸਕੂਲ ਬੰਦ ਹੁੰਦੇ ਹੀ ਸਰਕਾਰ ਨੇ ਆਨਲਾਈਨ ਪੜ੍ਹਾਈ ਦਾ ਬਦਲ ਅਪਣਾਉਂਦਿਆਂ ਦਿਹਾਤੀ ਇਲਾਕਿਆਂ ਵਿਚ ਇੰਟਰਨੈੱਟ ਦੀ ਘੱਟ ਸਹੂਲਤ ਦੇ ਚੱਲਦਿਆਂ ਟੀਵੀ ’ਤੇ ਲੈਕਚਰਾਂ ਦਾ ਪ੍ਰਸਾਰਣ ਸ਼ੁਰੂ ਕੀਤਾ ਸੀ। ਇਹ ਪ੍ਰਸਾਰਣ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਸ਼ੁਰੂ ਕੀਤਾ ਗਿਆ ਸੀ ਪਰ ਮਈ ਵਿਚ ਪੀਐਸਈਬੀ ਦੇ ਬੋਰਡ ਆਫ ਡਾਇਰੈਕਟਰਸ ਦੀ ਮੀਟਿੰਗ ਵਿਚ ਫੈਸਲਾ ਲਿਆ ਗਿਆ ਸੀ ਕਿ ਬੋਰਡ ਨਿਜੀ ਸਕੂਲਾਂ ਤੋਂ ਡੀਟੀਐਚ ਰਾਹੀਂ ਬੱਚਿਆਂ ਦੀ ਪੜ੍ਹਾਈ ਲਈ ਪ੍ਰਸਾਰਿਤ ਹੋ ਰਹੇ ਲੈਕਚਰਾਂ ਦੀ ਫੀਸ ਵਸੂਲੇਗਾ, ਜਿਸ ਨੂੰ ਹੁਣ ਲਾਗੂ ਕੀਤਾ ਗਿਆ ਹੈ।
ਬੋਰਡ ਦੇ ਇਸ ਫੈਸਲੇ ’ਤੇ ਨਿੱਜੀ ਸਕੂਲ ਸੰਚਾਲਕਾਂ ਨੇ ਸਖਤ ਇਤਰਾਜ਼ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਕ ਪਾਸੇ ਤਾਂ ਸਰਕਾਰ ਵਿਦਿਆਰਥੀਆਂ ਕੋਲੋਂ ਫੀਸ ਲੈਣ ਤੋਂ ਮਨ੍ਹਾ ਕਰ ਰਹੀ ਹੈ ਅਤੇ ਦੂਜੇ ਪਾਸੇ ਉਨ੍ਹਾਂ ’ਤੇ ਨਵਾਂ ਵਾਧੂ ਬੋਝ ਪਾ ਦਿੱਤਾ ਹੈ। ਉਥੇ ਹੀ ਨਿੱਜੀ ਸਕੂਲ ਇਹ ਫੀਸ ਆਪਣੇ ਕੋਲੋਂ ਤਾਂ ਭਰਨਗੇ ਨਹੀਂ ਸਗੋਂ ਉਹ ਇਸ ਦਾ ਬੋਝ ਵੀ ਵਿਦਿਆਰਥੀਆਂ ਦੇ ਮਾਪਿਆਂ ’ਤੇ ਹੀ ਪਾਉਣਗੇ।