PU strict instructions : ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਆਪਣੇ ਅਧੀਨ ਆਉਂਦੇ ਸਾਰੇ ਕਾਲਜਾਂ ਨੂੰ ਸਖਤ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਪੰਜਾਬ ਸਟੇਟ ਕੌਂਸਲ ਫਾਰ ਐਗਰੀਕਲਚਰ ਐਜੂਕੇਸ਼ਨ ਦੇ ਮਾਪਦੰਡ ਪੂਰਾ ਕਰਨ ’ਤੇ ਹੀ 2020-21 ਸੈਸ਼ਨ ਵਿਚ ਖੇਤੀਬਾੜੀ ਨਾਲ ਸਬੰਧਤ ਕੋਰਸ ਦੇ ਐਂਟਰੀ ਪੁਆਇੰਟਸ ਜਾਂ ਪਹਿਲੇ ਭਾਗ ਵਿਚ ਦਾਖਲਾ ਦੇਣ ਦੀ ਮਨਜ਼ੂਰੀ ਦਿੱਤੀ ਜਾਵੇ।
ਇਸ ਸਬੰਧੀ ਯੂਨੀਵਰਸਿਟੀ ਦੇ ਡਿਪਟੀ ਰਜਿਸਟਰਾਰ ਕਾਲਜਿਜ਼ ਨੇ ਸੂਬੇ ਦੇ ਸਾਰੇ ਡਿਗਰੀ ਕਾਲਜਾਂ ਦੇ ਚੇਅਰਮੈਨਾਂ ਤੇ ਪ੍ਰਿੰਸੀਪਲਾਂ ਨੂੰ ਪੱਤਰ ਜਾਰੀ ਕਰਕੇ ਪੰਜਾਬ ਕੌਂਸਲ ਫਾਰ ਐਜੂਕੇਸ਼ਨ ਦੇ 5 ਅਗਸਤ 2019 ਦੀਆਂ ਹਿਦਾਇਤਾਂ ਦਾ ਹਵਾਲਾ ਦੇ ਕੇ ਐਗਰੀਕਲਚਰ ਕੋਰਸ ਦਾ ਸੰਚਾਲਨ ਕਰਨ ਲਈ ਮਾਪਦੰਡਾਂ ਤੇ ਸ਼ਰਤਾਂ ਪੂਰੀਆਂ ਕਰਕੇ ਯੂਨੀਵਰਸਿਟੀ ਨੂੰ ਸੂਚਿਤ ਕਰਨ ਦੀ ਹਿਦਾਇਤ ਦਿੱਤੀ ਹੈ। ਯੂਨੀਵਰਸਿਟੀ ਨੇ ਇਸ ਗੱਲ ਲਈ ਵੀ ਕਾਲਜਾਂ ਨੂੰ ਚੌਕਸ ਕੀਤਾ ਹੈ ਕਿ ਬਿਨਾਂ ਨਿਯਮ ਪੂਰਾ ਕੀਤੇ ਬਿਨਾਂ ਦਾਖਲਾ ਕਰਨ ’ਤੇ ਵਿਦਿਆਰਥੀਆਂ ਨੂੰ ਪੜ੍ਹਾਈ, ਡਿਗਰੀ ਵਿਚ ਮੁਸ਼ਕਲ ਜਾਂ ਕਾਨੂੰਨੀ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।
ਦੱਸਣਯੋਗ ਹੈ ਕਿ ਯੂਨੀਵਰਸਿਟੀ ਦੀਆਂ ਇਨ੍ਹਾਂ ਸਖਤ ਹਿਦਾਇਤਾਂ ਨਾਲ ਕਾਲਜ ਪ੍ਰਬੰਧਕਾਂ ਦੀ ਬੇਚੈਨੀ ਵਧ ਗਈ ਹੈ, ਇਨ੍ਹਾਂ ਹਿਦਾਇਤਾਂ ਦੇ ਲਾਗੂ ਹੋਣ ਨਾਲ ਉਨ੍ਹਾਂ ਨੂੰ ਐਗਰੀਕਲਚਰ ਨਾਲ ਸਬੰਧਤ ਕੋਰਸ ਇਸ ਸਾਲ ਤੋਂ ਬੰਦ ਵੀ ਕਰਨੇ ਪੈ ਸਕਦੇ ਹਨ। ਸੂਬੇ ਦੇ ਲਗਭਗ ਦੋ ਫੀਸਦੀ ਤੋਂ ਇਲਾਵਾ ਵਧੇਰੇ ਡਿਗਰੀ ਕਾਲਜ ਪੰਜਾਬ ਸਟੇਟ ਕੌਂਸਲ ਫਾਰ ਐਗਰੀਕਲਚਰਲ ਐਜੂਕੇਸ਼ਨ ਦੇ ਨਿਯਮਾਂ ’ਤੇ ਖਰਾ ਨਹੀੰ ਉਤਰਦੇ ਜਦਕਿ ਇਸ ਵਾਰ ਤਾਂ ਯੂਨੀਵਰਸਿਟੀਆਂ ਨੇ ਵੀ ਆਪਣੇ ਅਧੀਨ ਕਾਲਜਾਂ ਦੇ ਨਵੇਂ ਸੈਸ਼ਨ ਤੋਂ ਐਗਰੀਕਲਚਰ ਕੋਰਸ ਵਿਚ ਦਾਖਲਾ ਨਾ ਕਰਨ ਦੀ ਚਿਤਾਵਨੀ ਦਿੱਤੀ ਹੈ।