Punjab Election Commission : ਪੰਜਾਬ ਚੋਣ ਕਮਿਸ਼ਨ ਨੇ ਫੋਟੋ ਵੋਟਰ ਸੂਚੀ ਵਿੱਚ ਵੱਡੀਆਂ ਸੋਧਾਂ ਕਰਨ ਦਾ ਫੈਸਲਾ ਕੀਤਾ ਹੈ। ਹੁਣ ਫੋਟੋ ਵੋਟਰ ਸੂਚੀ ਵਿਚੋਂ ਹਰਿਜਨ ਸ਼ਬਦ ਹਟਾ ਦਿੱਤਾ ਜਾਵੇਗਾ। ਮੁੱਖ ਚੋਣ ਅਫਸਰ ਡਾ. ਐਸ. ਕਰੁਣਾ ਰਾਜੂ ਨੇ ਰਾਜ ਦੇ ਸਾਰੇ ਜ਼ਿਲ੍ਹਾ ਡਿਪਟੀ ਕਮਿਸ਼ਨਰਾਂ ਨੂੰ ਇਸ ਸੋਧ ਨੂੰ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਡਾ ਐਸ ਕਰੁਣਾ ਰਾਜੂ ਨੂੰ ਫੋਟੋ ਵੋਟਰ ਸੂਚੀ ਵਿੱਚ ‘ਹਰਿਜਨ’ ਅਤੇ ‘ਗਿਰੀਜਨ’ ਜਿਹੇ ਗੈਰ ਸੰਵਿਧਾਨਕ ਅਤੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਬਾਰੇ ਸ਼ਿਕਾਇਤਾਂ ਮਿਲੀਆਂ ਸਨ। ਰਾਜੂ ਵੱਲੋਂ ਇਹ ਮਾਮਲਾ ਪੰਜਾਬ ਦੇ ਮੁੱਖ ਸਕੱਤਰ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਸੀ।
ਸੀਈਓ ਨੇ ਕਿਹਾ ਕਿ ਗੈਰ ਸੰਵਿਧਾਨਕ ਸ਼ਬਦ ‘ਹਰਿਜਨ ਬਸਤੀ’ ਦੀ ਥਾਂ ਹੁਣ ਵੋਟਰ ਸੂਚੀ ਵਿੱਚ ਪਿੰਡ, ਜਗ੍ਹਾ ਦਾ ਨਾਮ ਲਿਖਿਆ ਜਾਣਾ ਚਾਹੀਦਾ ਹੈ। ਰਾਜ ਦੇ ਡੀ ਸੀ ਕਮ ਜ਼ਿਲ੍ਹਾ ਚੋਣ ਅਫ਼ਸਰਾਂ ਅਤੇ 117 ਚੋਣ ਰਜਿਸਟ੍ਰੇਸ਼ਨ ਅਫ਼ਸਰਾਂ (ਈਆਰਓਜ਼) ਨੂੰ ਇਨ੍ਹਾਂ ਸ਼ਬਦਾਂ ਨੂੰ ਹਟਾਉਣ ਲਈ ਨਿਰਦੇਸ਼ ਦਿੱਤੇ ਗਏ ਹਨ। ਜ਼ਿਲ੍ਹਾ ਚੋਣ ਅਫ਼ਸਰ, ਗੁਰਦਾਸਪੁਰ ਨੇ ਦੀਨਾਨਗਰ ਅਸੈਂਬਲੀ ਲਾਈਟ ਦੇ ਪੋਲਿੰਗ ਸਟੇਸ਼ਨ ਹਰਿਜਨ ਕਲੋਨੀ ਨੂੰ ‘ਭਾਗ ਨੰ. 108, ਸੈਕਸ਼ਨ ਨੰ. 7, ਵਾਰਡ ਨੰ. 5, ਦੀਨਾਨਗਰ ਬਦਲਿਆ। ਇਸੇ ਤਰ੍ਹਾਂ ਸਰਕਾਰੀ ਐਲੀਮੈਂਟਰੀ ਸਕੂਲ ਹਰਿਜਨ ਬਸਤੀ, ਪਟਿਆਲਾ ਜ਼ਿਲ੍ਹੇ ਦੇ ਨਾਭਾ ਦੇ ਪੋਲਿੰਗ ਸਟੇਸ਼ਨ ਨੂੰ ‘ਸਰਕਾਰੀ ਐਲੀਮੈਂਟਰੀ ਸਕੂਲ, ਬੋਰਾਹਾ ਗੇਟ’ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਡਾ. ਐਸ. ਕਰੁਣਾ ਰਾਜੂ, ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਪੰਜਾਬ ‘ਚ ਜੇ ਕਿਸੇ ਵਿਅਕਤੀ ਨੂੰ ਅਜਿਹਾ ਗੈਰ ਸੰਵਿਧਾਨਿਕ ਨਾਂ ਲਿਖਿਆ ਹੋਇਆ ਮਿਲਦਾ ਹੈ, ਤਾਂ ਉਸਨੂੰ ਲਾਜ਼ਮੀ ਤੌਰ ‘ਤੇ ਇਸ ਨੂੰ ਮੁੱਖ ਚੋਣ ਅਧਿਕਾਰੀ, ਪੰਜਾਬ ਦੇ ਦਫ਼ਤਰ ਦੇ ਧਿਆਨ ਵਿਚ ਲਿਆਉਣਾ ਚਾਹੀਦਾ ਹੈ। ਕਮਿਸ਼ਨ ਵੱਲੋਂ ਇਸ ਨੂੰ ਤੁਰੰਤ ਸੁਧਾਰਿਆ ਜਾਵੇਗਾ।