Punjab Govt has introduced a new scheme : ਚੰਡੀਗੜ੍ਹ: ਪੰਜਾਬ ਸਰਕਾਰ ਨੇ ਦੁੱਧ, ਮੀਟ ਤੇ ਪਸ਼ੂ ਆਹਾਰ ਦੇ ਕਾਰਖਾਨੇ ਲਾਉਣ ਵਾਲਿਆਂ ਨੂੰ ਵਿਆਜ ਦਰ ‘ਤੇ 3 ਫੀਸਦੀ ਸਬਸਿਡੀ ਦੇਣ ਦਾ ਐਲਾਨ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਸੂਬੇ ਦੇ ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਤੇ ਵਿਭਾਗ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਸਰਕਾਰ ਨੇ ਡੇਅਰੀ ਪ੍ਰਾਡਕਟਸ, ਮੀਟ, ਕੈਟਲ ਫੀਡ ਦੀ ਕੁਆਲਟੀ ਵਧਾਉਣ, ਸਾਂਭ-ਸੰਭਾਲ ਤੇ ਵਧੀਆ ਮੰਡੀਕਰਨ ਲਈ ਨਵੇਂ ਉੱਦਮੀਆਂ, ਕੰਪਨੀਆਂ ਤੇ ਕਿਸਾਨ ਉਤਪਾਦਕ ਸੰਸਥਾਂਵਾਂ ਲਈ ਨਵੀਂ ਸਕੀਮ ਸ਼ੁਰੂ ਕੀਤੀ ਹੈ। ਇਸ ਤਹਿਤ ਦੁੱਧ ਤੋਂ ਦੁੱਧ ਪਦਾਰਥ, ਮੀਟ, ਕੈਟਲ ਫੀਡ ਤੇ ਸਾਈਲੇਜ਼ ਦੇ ਕਾਰਖਾਨੇ/ਪਲਾਂਟ ਲਾਉਣ ਲਈ ਵਿਆਜ ਦਰ `ਤੇ 3 ਫੀਸਦੀ ਛੋਟ ਦੇਣ ਦਾ ਫੈਸਲਾ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ 15 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਪੂਰੇ ਦੇਸ਼ ਵਿੱਚ 3 ਫੀਸਦੀ ਵਿਆਜ ਦੀ ਸਬਸਿਡੀ ਦੇਣ ਲਈ ਲਈ ਰੱਖੀ ਗਈ ਹੈ ਤੇ ਇਹ ਸਕੀਮ ਤਿੰਨ ਸਾਲ ਲਈ ਚਾਲੂ ਰਹੇਗੀ। ਇਸ ਸਕੀਮ ਦੇ ਲਾਗੂ ਹੋਣ ਨਾਲ ਸੂਬੇ ਵਿੱਚ ਉਦਯੋਗ ਸਥਾਪਤ ਹੋਣਗੇ ਤੇ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਤੇ ਖਪਤਕਾਰਾਂ ਨੂੰ ਸੂਬੇ ਵਿੱਚ ਹੀ ਤਿਆਰ ਕੀਤੇ ਹੋਏ ਕੁਆਲਟੀ ਪਦਾਰਥ ਮਿਲਣਗੇ।
ਮੰਤਰੀ ਤ੍ਰਿਪਤ ਬਾਜਵਾ ਨੇ ਦੱਸਿਆ ਕਿਸੂਬੇ ਵਿਚ ਸਹਾਇਕ ਕਿੱਤਿਆਂ ਨੂੰ ਵਿਕਸਿਤ ਕਰਕੇ ਕਿਸਾਨਾਂ ਦੀ ਆਮਦਨ ਵਿਚ ਵਾਧਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਰਵਾਇਤੀ ਖੇਤੀਬਾੜੀ ਫਸਲੀ ਚੱਕਰ ਤੋਂ ਬਾਹਰ ਕੱਢਣ ਲਈ ਵੱਖ-ਵੱਖ ਸਕੀਮਾਂ ਸਮੇਂ-ਸਮੇਂ ‘ਤੇ ਲਾਗੂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਹ ਆਮ ਦੇਖਿਆ ਗਿਆ ਹੈ ਕਿ ਕਿਸਾਨ ਸਹਾਇਕ ਧੰਦੇ ਅਪਣਾ ਕੇ ਵਧੀਆ ਉਪਜ ਤਾਂ ਲੈ ਰਹੇ ਹਨ, ਪਰ ਇਨ੍ਹਾਂ ਤੋਂ ਉਤਪਾਦ ਤਿਆਰ ਕਰਨਾ, ਉੁਨ੍ਹਾਂ ਦੀ ਵਧੀਆ ਸਾਂਭ ਸੰਭਾਲ ਤੇ ਮਿਆਰੀ ਮੰਡੀਕਰਨ ਦੀ ਵਧੇਰੇ ਲੋੜ ਹੈ ਤਾਂ ਜੋ ਕੁਆਲਟੀ ਦੇ ਉਤਪਾਦ ਖਪਤਕਾਰ ਤੱਕ ਪਹੁੰਚਾਏ ਜਾ ਸਕਣ।