Punjab Govt releases special : ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੂੰ ਵਿੱਤੀ ਸੰਕਟ ਵਿਚੋਂ ਬਾਹਰ ਕੱਢਣ ਲਈ 20 ਕਰੋੜ ਰੁਪਏ ਸਪੈਸ਼ਲ਼ ਗ੍ਰਾਂਟ ਜਾਰੀ ਕੀਤੀ ਗਈ ਹੈ। ਅੱਜ ਪੰਜਾਬ ਭਵਨ ਚੰਡੀਗੜ੍ਹ ਵਿਖੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਪੰਜਾਬੀ ਯੂਨੀਵਰਸਿਟੀ ਦੀ ਇਕ ਉੱਚ ਪੱਧਰੀ ਮੀਟਿੰਗ ਦੌਰਾਨ ਪੀਯੂ ਦੇ ਵਾਇਸ ਚਾਂਸਲਰ ਡਾ. ਬੀ.ਐਸ ਘੁੰਮਣ ਵਲੋਂ ਪੇਸ਼ ਕੀਤੀ ਗਈ ਰਿਪੋਰਟ ਦੇ ਆਧਾਰ ’ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਯੂਨੀਵਰਸਿਟੀ ਲਈ ਵਿੱਤ ਵਿਭਾਗ ਨੂੰ ਤੁਰੰਤ 20 ਕਰੋੜ ਰੁਪਏ ਦੀ ਰਾਸ਼ੀ ਬਤੌਰ ਸਪੈਸ਼ਲ ਗ੍ਰਾਂਟ ਜਾਰੀ ਕਰਨ ਦੀ ਹਦਾਇਤ ਕੀਤੀ।
ਇਸ ਦੇ ਨਾਲ ਹੀ ਯੂਨੀਵਰਸਿਟੀ ਵੱਲੋਂ ਕੈਂਪਸ ਅਤੇ ਆਪਣੇ ਨਾਲ ਸਬੰਧਤ ਕਾਲਜਾਂ ਵਿੱਚ ਤੁਰੰਤ ਦਾਖਲੇ ਸ਼ੁਰੂ ਕਰਨ ਦਾ ਵੀ ਫੈਸਲਾ ਲਿਆ ਗਿਆ। ਇਸ ਤੋਂ ਇਲਾਵਾ ਆਡੀਟਰ ਜਨਰਲ ਪੰਜਾਬ ਦੀ ਰਿਪੋਰਟ `ਤੇ ਵੀ ਵਾਇਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਨੂੰ ਠੋਸ ਅਤੇ ਨਿਰਣਾਇਕ ਕਾਰਵਾਈ ਕਰਨ ਲਈ ਕਿਹਾ ਗਿਆ। ਮੀਟਿੰਗ ਦੌਰਾਨ ਇਹ ਵੀ ਫੈਸਲਾ ਲਿਆ ਗਿਆ ਕਿ ਭਵਿੱਖ ਵਿੱਚ ਵਿੱਤੀ, ਅਕਾਦਮਿਕ ਅਤੇ ਇਮਤਿਹਾਨਾਂ ਸਬੰਧੀ ਸੁਧਾਰ ਲਿਆਉਣ ਦੀ ਸਥਿਤੀ ਵਿੱਚ ਹੀ ਯੂਨੀਵਰਸਿਟੀ ਨੂੰ ਹੋਰ ਵਿੱਤੀ ਸਹਾਇਤ ਦੇਣ ਤੇ ਵਿਚਾਰ ਕੀਤਾ ਜਾਵੇਗਾ।
ਇਨ੍ਹਾਂ ਸਾਰੀਆਂ ਮੁੱਦਿਆ ਤੇ ਫੈਸਲਾ ਲੈਣ ਲਈ ਸਿੰਡੀਕੇਟ ਦੀ ਮੀਟਿੰਗ ਵੀ ਜਲਦ ਤੋਂ ਜਲਦ ਬੁਲਾਉਣ ਲਈ ਵਾਇਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਨੂੰ ਹਦਾਇਤ ਕੀਤੀ ਗਈ। ਸਰਕਾਰ ਵਲੋਂ ਯੂਨੀਵਰਸਿਟੀ ਦੀ ਵਿੱਤੀ ਸਥਿਤੀ ਸੁਧਾਰਨ ਹਿੱਤ ਵਾਇਸ ਚਾਂਸਲਰ ਦੀ ਮਦਦ ਲਈ ਤਾਇਨਾਤ ਕੀਤੇ ਗਏ ਅਧਿਕਾਰੀ ਐਮ.ਐਸ ਨਾਰੰਗ (ਆਈ.ਏ.ਐਸ ਰਿਟਾਇਰਡ) ਦੀ ਸਹਾਇਤਾ ਨਾਲ ਯੂਨੀਵਰਸਿਟੀ ਵਲੋਂ ਅਗਸਤ ਮਹੀਨੇ ਦੇ ਪਹਿਲੇ ਹਫਤੇ ਰੱਖੀ ਜਾਣ ਵਾਲੀ ਅਗਲੀ ਮੀਟਿੰਗ ਦੌਰਾਨ ਆਪਣੇ ਖਰਚਿਆਂ ਨੂੰ ਘਟਾਉਣ ਲਈ ਠੋਸ ਉਪਾਅ/ਸੁਝਾਅ ਦਿੱਤੇ ਜਾਣ ਲਈ ਕਿਹਾ।