Punjab Police arrested 2 : ਗੁਰਦਾਸਪੁਰ ਪੁਲਿਸ ਨੇ ਨਸ਼ਿਆਂ ਵਿਰੁੱਧ ਚਲਾਈ ਗਈ ਮੁਹਿੰਮ ’ਤੇ ਕਾਰਵਾਈ ਕਰਦਿਆਂ ਮਾਂ-ਪੁੱਤਰ ਨੂੰ ਕਾਬੂ ਕੀਤਾ ਗਿਆ ਹੈ, ਜਿਨ੍ਹਾਂ ਕੋਲੋਂ ਇਕ ਕਿਲੋ ਹੈਰੋਇਨ ਬਰਾਮਦ ਹੋਈ ਹੈ। ਦੋਸ਼ੀਆਂ ਦੀ ਪਛਾਣ ਰਵਿੰਦਰ ਸਿੰਘ ਪੁੱਤਰ ਪਲਵਿੰਦਰ ਸਿੰਘ ਵਾਸੀ ਸਿੰਬਲ ਕੁਲੀਆਂ ਅਤੇ ਸੁਰਜੀਤ ਕੌਰ ਪਤਨੀ ਪਲਵਿੰਦਰ ਸਿੰਘ ਵਾਸੀ ਸਿੰਬਲ ਕੁਲੀਆਂ ਵਜੋਂ ਹੋਈ ਹੈ। ਥਾਣਾ ਦੀਨਾਗਰ ਵਿਚ ਐਡੀਪੀਸਐਸ ਐਕਟ 23/61/85 ਅਧੀਨ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਦੋਸ਼ੀਆਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਭਾਰਤੀ ਨਸ਼ਾ ਤਸਕਰਾਂ ਵੱਲੋਂ ਵ੍ਹਾਟਸਐਪ ਰਾਹੀਂ ਪਾਕਿਸਤਾਨ ਦੇ ਸਮੱਗਲਰ ਨਾਲ ਵ੍ਹਟਸਐਪ ’ਤੇ ਹੈਰੋਇਨ ਸਮਗਲਿੰਗ ਦੀ ਯੋਜਨਾ ਬਣਾਈ ਸੀ। ਉਨ੍ਹਾਂ ਨੇ 15-20 ਦਿਨ ਪਹਿਲਾਂ ਪਾਕਿਸਤਾਨੀ ਸਮੱਗਲਰਾਂ ਵੱਲੋਂ ਭਾਰਤੀ ਇਲਾਕੇ ਵਿਚ ਕੀਤੀ ਹੈਰੋਇਨ ਦੀ ਸਪਲਾਈ ਨੂੰ ਭਾਰਤੀ ਸਮੱਗਲਰਾਂ ਨੇ ਬਾਰਡਰ ਤੋਂ ਲਿਆ ਕੇ ਉਨ੍ਹਾਂ ਦੇ ਘਰ ਰਖਿਆ ਸੀ। ਇਸ ਵਿਚੋਂ ਕੁਝ ਹੈਰੋਇਨ ਉਹ ਲੈ ਗਏ ਸਨ ਅਤੇ ਇਕ ਪੈਕੇਟ ਕਾਬੂ ਦੋਸ਼ੀਆਂ ਨੇ ਸਮੱਗਲਿੰਗ ਵਿਚ ਮਦਦ ਕਰਨ ਲਈ ਮੁਆਵਜ਼ੇ ਵਜੋਂ ਆਪਣੇ ਕੋਲ ਰਖ ਲਿਆ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਪੁਲਿਸ ਕਪਤਾਨ ਡਾ. ਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਇਕ ਗੁਪਤਾ ਸੂਚਨਾ ਮਿਲੀ ਸੀ, ਜਿਸ ’ਤੇ ਪੁਲਿਸ ਟੀਮ ਨੇ ਦੀਨਾਨਗਰ ਵੱਲੋਂ ਛੋਟੂ ਰਾਮ ਮੰਦਿਰ ਤਾਰਾਗੜ੍ਹ ਰੋਡ ’ਤੇ ਸਪੈਸ਼ਲ ਨਾਕਾਬੰਦੀ ਸਮੇਂ ਵ੍ਹੀਕਲਾਂ ਦੀ ਚੈਕਿੰਗ ਦੌਰਾਨ ਇਕ ਮੋਟਰਸਾਈਕਲ ਸਵਾਰ ਰਵਿੰਦਰ ਸਿੰਘ ਅਤੇ ਉਸ ਨਾਲ ਬੈਠੀ ਔਰਤ ਸੁਰਜੀਤ ਕੌਰ ਨੂੰ ਕਾਬੂ ਕੀਤਾ। ਉਹ ਪੁਲਿਸ ਨੂੰ ਦੇਖ ਕੇ ਪਿੱਛੇ ਮੁੜਨ ਲੱਗਾ ਸੀ, ਜਿਸ ’ਤੇ ਪੁਲਿਸ ਨੇ ਉਸ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਦੋਸ਼ੀਆਂ ਕੋਲੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਤੇ ਬਾਕੀ ਦੋਸ਼ੀਆਂ ਨੂੰ ਵੀ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।