Punjab Police nabs three including : ਚੰਡੀਗੜ੍ਹ : ਪੰਜਾਬ ਪੁਲਿਸ ਦੀ ਬੀਤੇ ਦਿਨ ਇਕ ਵੱਡੀ ਕਾਰਵਾਈ ਵਿਚ ਬਰਨਾਲਾ ਤੇ ਮੋਗਾ ਪੁਲਿਸ ਵੱਲੋਂ 11 ਸੂਬਿਆਂ ਵਿਚ ਨਸ਼ੀਲੀਆਂ ਦਵਾਈਆਂ ਸਪਲਾਈ ਕਰਨ ਵਾਲੇ ਅੰਤਰਾਰਾਜੀ ਡਰੱਗ ਗਿਰੋਹ ਦੇ 20 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਇਸੇ ਲੜੀ ਅਧੀਨ ਅੱਜ ਬਰਨਾਲਾ ਪੁਲਿਸ ਨੇ ਨਿਊ ਆਗਰਾ ਦੇ ਕਮਲਾ ਨਗਰ ਤੋਂ ਤਿੰਨ ਹੋਰ ਲੋਕਾਂ ਨੂੰ ਕਾਬੂ ਕੀਤਾ ਹੈ, ਜਿਨ੍ਹਾਂ ਵਿਚ ਨਸ਼ਾ ਸਮੱਗਲਿੰਗ ਦਾ ਮਾਸਟਰਮਾਈਂਡ ਜਤਿੰਦਰ ਅਰੋੜਾ ਵੀ ਸ਼ਾਮਲ ਹੈ। ਇਸ ਸਬੰਧੀ ਜਾਣਕਾਰੀ ਡੀਜੀਪੀ ਦਿਨਕਰ ਗੁਪਤਾ ਨੇ ਟਵੀਟ ਕਰਕੇ ਦਿੱਤੀ।
ਦੱਸਣਯੋਗ ਹੈ ਕਿ ਬਰਨਾਲਾ ਤੇ ਮੋਗਾ ਪੁਲਿਸ ਦੀ ਸਾਂਝੀ ਕਾਰਵਾਈ ਵਿਚ ਬੀਤੇ ਦਿਨ ਗ੍ਰਿਫਤਾਰ ਕੀਤੇ ਗਏ ਇਨ੍ਹਾਂ ਗਿਰੋਬ ਦੇ ਮੈਂਬਰਾਂ ਕੋਲੋਂ 27,62,137 ਨਸ਼ੀਲੀਆਂ ਗੋਲੀਆਂ, ਕੈਪਸੂਲ, ਟੀਕੇ ਤੇ ਸਿਰਪ ਦੀਆਂ ਬੋਤਲਾਂ ਅਤੇ 70,03800 ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਸੀ। ਦੱਸਣਯੋਗ ਹੈ ਕਿ ਪੰਜਾਬ ਪੁਲਿਸ ਨੂੰ ਹਵਾਲਾ ਤੋਂ ਸਮੱਗਲਿੰਗ ਨੈਟਵਰਕ ਚਲਾਉਣ ਵਾਲੇ ਗਿਰੋਹ ਦੇ ਪਰਦਾਪਾਸ਼ ਕਰਨ ਵਿਚ ਦੋ ਮਹੀਨੇ ਦਾ ਸਮਾਂ ਲੱਗਾ। ਗ੍ਰਿਫਤਾਰ ਕੀਤੇ ਗਏ ਲੋਕਾਂ ਵਿਚ ਪੰਜਾਬ ਤੋਂ 16, ਉੱਤਰ ਪ੍ਰਦੇਸ਼ ਤੋਂ ਦੋ ਅਤੇ ਹਰਿਆਣਾ ਤੇ ਦਿੱਲੀ ਤੋਂ ਇਕ-ਇਕ ਵਿਅਕਤੀ ਸ਼ਾਮਲ ਹੈ।
ਡੀਜੀਪੀ ਦਿਨਗਰ ਗੁਪਤਾ ਨੇ ਇਸ ਸਬੰਧੀ ਦੱਸਿਆ ਕਿ ਇਹ ਗਿਰੋਹ ਦਵਾਈ ਉਤਪਾਦਕਾਂ, ਸਪਲਾਇਰਾਂ, ਥੋਕ ਦਵਾਈਆਂ ਵਿਕ੍ਰੇਤਾਵਾਂ ਅਤੇ ਰਿਟੇਲ ਕੈਮਿਸਟਾਂ ਨਾਲ ਮਿਲ ਕੇ ਵੱਡੀ ਮਾਤਰਾ ਵਿਚ ਨਸ਼ੀਲੀਆਂ ਦਵਾਈਆਂ ਬਾਜ਼ਾਰ ਵਿਚ ਭੇਜ ਰਿਹਾ ਹੈ। ਗਿਰੋਹ ਦੇ ਮੈਂਬਰ ਮੈਡੀਕਲ ਰਿਪ੍ਰੈਂਜ਼ੈਂਟੇਟਿਵ (ਐਮਆਰ) ਬਣ ਕੇ ਸਮੱਗਲਿੰਗ ਕਰਦੇ ਸਨ। ਇਸ ਗੈਂਗ ਦਾ ਪਰਦਾਫਾਸ਼ ਬਰਨਾਲਾ ਦੇ ਐਸਐਸਪੀ ਸੰਦੀਪ ਗੋਇਲ ਤੇ ਉਨ੍ਹਾਂ ਦੀ ਟੀਮ ਨੇ ਕੀਤਾ।