Punjab revises incentive : ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਨਿਵੇਸ਼ਕਾਂ ਨੂੰ ਰਾਹਤ ਦੇਣ ਲਈ ਪੰਜਾਬ ਸਰਕਾਰ ਵਲੋਂ ਆਈ.ਬੀ.ਡੀ.ਪੀ. 2017 ਅਧੀਨ ਸਟੈਂਪ ਡਿਊਟੀ ਤੋਂ ਦਿੱਤੀ ਛੋਟ ਸਬੰਧੀ ਰੀਫੰਡ ਲੈਣ ਲਈ ਆਨਲਾਈਨ ਅਰਜ਼ੀ ਜਮ੍ਹਾਂ ਕਰਵਾਉਣ ਦੀ ਵਿਧੀ ਵਿੱਚ ਸੋਧ ਕੀਤੀ ਗਈ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਸਬੰਧੀ ਪ੍ਰਵਾਨਗੀ ਮਿਲਣ ਉਪਰੰਤ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਿਵੇਸ਼ਕਾਂ ਨੂੰ ਰਾਹਤ ਦਿੰਦਿਆਂ ਲੰਬਿਤ ਕੇਸਾਂ ਦਾ ਜਲਦ ਹੀ ਨਿਪਟਾਰਾ ਕੀਤਾ ਜਾਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਵਪਾਰਕ ਉਤਪਾਦਨ ਸ਼ੁਰੂ ਹੋਣ ਤੋਂ ਬਾਅਦ ਸਟੈਂਪ ਡਿਊਟੀ ਤੋਂ ਛੋਟ ਦੇ ਰੀਫੰਡ ਲਈ ਦਾਅਵਾ ਕੀਤਾ ਜਾ ਸਕਦਾ ਹੈ। ਰੀਫੰਡ ਦਾ ਦਾਅਵਾ ਕਰਨ ਦੀ ਇੱਕ ਸ਼ਰਤ ਇਹ ਹੈ ਕਿ ਅਰਜ਼ੀ ਦੇਣ ਤੋਂ 3 ਸਾਲ ਪਹਿਲਾਂ ਜਾਂ ਬਾਅਦ ਵਿਚ ਜ਼ਮੀਨ ਨਾ ਖਰੀਦੀ ਹੋਵੇ। ਉਨ੍ਹਾਂ ਇਹ ਵੀ ਕਿਹਾ ਕਿ ਸੋਧੀ ਹੋਈ ਪ੍ਰਕਿਰਿਆ ਦੇ ਤਹਿਤ ਇਨਸੈਂਟਿਵ ਕਾਮਨ ਐਪਲੀਕੇਸ਼ਨ ਫਾਰਮ (ਆਈ.ਸੀ.ਏ.ਐਫ.) ਜਮ੍ਹਾਂ ਕਰਨ ਦੀ ਤਰੀਕ ਨੂੰ ਉਪਰੋਕਤ ਤਿੰਨ ਸਾਲਾਂ ਸਬੰਧੀ ਸ਼ਰਤ ਦੀ ਜਾਂਚ ਕਰਨ ਲਈ ਵਿਚਾਰਿਆ ਜਾਵੇਗਾ।