Rai Bular who : ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਉਨ੍ਹਾਂ ਦੇ ਰੂਹਾਨੀ ਨੂਰ ਦਾ ਅਨੁਭਵ ਸਭ ਤੋਂ ਪਹਿਲਾਂ ਗੁਰੂ ਜੀ ਦੀ ਵੱਡੀ ਭੈਣ ਬੇਬੇ ਨਾਨਕੀ ਅਤੇ ਉਸ ਤੋਂ ਬਾਅਦ ਰਾਏ ਬੁਲਾਰ ਜੀ ਨੂੰ ਹੋਇਆ ਸੀ। ਰਾਇ ਬੁਲਾਰ ਮੁਹੰਮਦ ਭੱਟੀ ਦਾ ਜਨਮ ਪਿੰਡ ਕੋਟ ਹੁਸੈਨ ਦੇ ਵੱਡੇ ਜ਼ਿਮੀਂਦਾਰ ਰਾਇ ਭੋਇ ਖਾਨ ਭੱਟੀ ਦੇ ਘਰ 1447 ਈਸਵੀ ਨੂੰ ਹੋਇਆ। ਕੋਟ ਹੁਸੈਨ ਹੀ ਬਾਅਦ ਵਿਚ ਰਾਇ ਭੋਇ ਖਾਨ ਭੱਟੀ ਦੇ ਨਾਂਅ ਨਾਲ ਰਾਇ ਭੋਇ ਦੀ ਤਲਵੰਡੀ ਵਜੋਂ ਜਾਣਿਆ ਜਾਣ ਲੱਗਾ ਜੋ ਅੱਜ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨ ਹੋਣ ਕਾਰਨ, ਪੂਰੇ ਸੰਸਾਰ ਵਿਚ ਨਨਕਾਣਾ ਸਾਹਿਬ ਦੇ ਨਾਂਅ ਨਾਲ ਪ੍ਰਸਿੱਧ ਹੈ। ਨਨਕਾਣਾ ਸਾਹਿਬ, ਲਾਹੌਰ (ਪਾਕਿਸਤਾਨ) ਦੀ ਮਗਰਬੀ ਦਿਸ਼ਾ ਵੱਲ, ਲਾਹੌਰ ਤੋਂ ਲਗਪਗ 42 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਰਾਏ ਬੁਲਾਰ ਖ਼ਾਨ 1500 ਮੁਰੱਬਿਆਂ ਦਾ ਤਕੜਾ ਰਈਸ ਅਤੇ ਖ਼ੁਦਦਾਰ ਇਨਸਾਨ ਸੀ ਪਰ ਸੀ ਨੇਕੀ ਦਾ ਮੁਜੱਸਮਾ। ਬਾਬਾ ਜੀ ਦਾ ਕਦਰਦਾਨ ਸੀ ਪੂਰਾ। ਉਸ ਦੀ ਉਮਰ ਚਾਲੀਆਂ ਤੋਂ ਟੱਪ ਚੱਲੀ ਪਰ ਔਲਾਦ ਨਹੀਂ ਸੀ। ਘੋੜੇ ’ਤੇ ਸਵਾਰ ਹੋ ਕੇ ਮੁਰੱਬਿਆਂ ਦਾ ਦੌਰਾ ਕਰਨ ਗਿਆ। ਗੁਰੂ ਬਾਬੇ ਦੀ ਉਮਰ 12-13 ਸਾਲ ਸੀ। ਬਾਬਾ ਮੱਝਾਂ ਚਾਰ ਰਿਹਾ ਸੀ। ਰਾਇ ਸਾਹਿਬ ਘੋੜੇ ਤੋਂ ਉਤਰੇ। ਜੋੜੇ ਉਤਾਰੇ। ਬਾਬਾ ਜੀ ਦੇ ਨਜ਼ਦੀਕ ਹੱਥ ਜੋੜ ਕੇ ਖਲੋ ਗਏ ਤੇ ਕਿਹਾ- ਬਾਬਾ ਮੇਰੀ ਮੁਰਾਦ ਪੂਰੀ ਕਰ।
ਜੀ ਕਦੀ ਬਾਲ ਘਰ ਵਿੱਚ ਖੇਡੇ, ਇਹ ਮੁਰਾਦ ਮਨ ਵਿੱਚ ਲੈ ਕੇ ਅਰਜ਼ ਗੁਜ਼ਾਰਨ ਗਏ ਸਨ। ਬਾਬਾ ਜੀ ਨੇ ਅਸੀਸਾਂ ਦਿੱਤੀਆਂ ਅਤੇ ਕਿਹਾ- ਰਾਇ ਤੁਸਾਂ ਦੀ ਮੁਰਾਦ ਪੂਰੀ ਹੋਈ, ਸ਼ੱਕ ਨਾ ਕਰਨਾ। ਸਾਲ ਬਾਅਦ ਰਾਇ ਸਾਹਿਬ ਦੇ ਘਰ ਬੇਟੇ ਦਾ ਜਨਮ ਹੋਇਆ। ਸਰਦਾਰ ਏਨਾ ਖ਼ੁਸ਼ ਕਿ ਬੜੀ ਵੱਡੀ ਦਾਅਵਤ ਦਿੱਤੀ। ਜੀ ਨਵਾਬ ਦੌਲਤ ਖ਼ਾਨ ਸਾਹਿਬ ਖ਼ੁਦ ਆਏ ਸਨ ਇਸ ਜਸ਼ਨ ਵਿੱਚ ਸ਼ਿਰਕਤ ਕਰਨ। ਪਿੰਡਾਂ ਦੇ ਪਿੰਡ ਆਣ ਉਤਰੇ ਸਨ। ਇਸ ਭਾਰੀ ਇਕੱਠ ਵਿੱਚ ਸ਼ੁਕਰਾਨਾ ਕਰਨ ਮਗਰੋਂ ਰਾਇ ਸਾਹਿਬ ਨੇ ਆਪਣੀ ਅੱਧੀ ਜ਼ਮੀਨ ਹਜ਼ਰਤ ਬਾਬਾ ਨਾਨਕ ਦੇ ਨਾਮ ਇੰਤਕਾਲ ਤਬਦੀਲ ਕਰ ਦੇਣ ਦਾ ਐਲਾਨ ਕੀਤਾ। ਉਦੋਂ ਸਾਢੇ ਸੱਤ ਸੌ ਮੁਰੱਬੇ ਬਾਬਾ ਜੀ ਦੇ ਨਾਂ ਹੋਏ ਜੋ ਹੁਣ ਤਕ ਤੁਰੇ ਆਂਵਦੇ ਹਨ
ਰਾਏ ਬੁਲਾਰ, ਗੁਰੂ ਨਾਨਕ ਦੇਵ ਜੀ ਪਾਸੋਂ, ਉਮਰ ਵਿਚ 22 ਸਾਲ ਵੱਡੇ ਸਨ, ਮਜ਼ਹਬੀ ਤੌਰ ‘ਤੇ ਇਕ ਮੁਸਲਮਾਨ ਸਨ ਤੇ ਅੱਲਾ ਦੀ ਬੰਦਗੀ ਵਿਚ ਯਕੀਨ ਰੱਖਦੇ ਸਨ, ਪਰ ਮੁਸਲਮਾਨ ਹੁੰਦਿਆਂ ਹੋਇਆਂ ਵੀ ਉਨ੍ਹਾਂ ਦੀ ਅਸਰੀਰੀ ਅਕੀਦਤ, ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰੂਹਾਨੀ ਅਜ਼ਮਤ ਤੋਂ ਜੁਦਾ ਨਹੀਂ ਸੀ। ਏਹੀ ਵਜ੍ਹਾ ਸੀ ਕਿ ਰਾਇ ਬੁਲਾਰ ਸਾਹਿਬ ਨੇ ਆਪਣੀ ਕੁੱਲ ਮਿਲਖ ਦਾ ਲਗਪਗ ਅੱਧਾ ਹਿੱਸਾ, ਭਾਵ 19000 ਏਕੜ ਜ਼ਮੀਨੀ ਰਕਬਾ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ ‘ਤੇ ਮਨਸੂਬ ਕਰਵਾ ਦਿੱਤਾ ਸੀ। ਜ਼ਿਕਰ ਯੋਗ ਹੈ ਕਿ ਨਨਕਾਣਾ ਸਾਹਿਬ ਦੇ ਮਾਲ ਰਿਕਾਰਡ ਦੇ ਖਾਨਾ ਮਲਕੀਅਤ ਵਿਚ, ਇਸ ਰਕਬੇ ਦਾ ਮਾਲਕ, ਅੱਜ ਵੀ ‘ਬਾਬਾ ਨਾਨਕ’ ਹੀ ਹੈ।