railway tracks have : ਕੱਲ੍ਹ ਰੇਲਵੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਰੇਲ ਟਰੈਕ ਖਾਲੀ ਹੁੰਦੇ ਹੀ ਪੰਜਾਬ ‘ਚ ਟ੍ਰੇਨਾਂ ਦੀ ਆਵਾਜਾਈ ਬਹਾਲ ਕਰ ਦਿੱਤੀ ਜਾਵੇਗੀ। ਇਸ ‘ਤੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਸ: ਬਲਬੀਰ ਸਿੰਘ ਰਾਜੇਵਾਲ ਨੇ ਸਪਸ਼ਟ ਕੀਤਾ ਹੈ ਕਿ ਕਿਸਾਨ ਜੱਥੇਬੰਦੀਆਂ ਨੇ ਪੰਜਾਬ ਦੇ ਹਿਤ ਵਿੱਚ ਕੇਵਲ ਮਾਲ ਗੱਡੀਆਂ ਚਲਾਉਣ ਲਈ ਟਰੈਕ ਖ਼ਾਲੀ ਕੀਤੇ ਹਨ ਅਤੇ ਰਾਜ ਦੇ ਕਿਸਾਨ ਆਪਣੇ ਅੰਦੋਲਨ ਦੇ ਹਿੱਸੇ ਵਜੋਂ ਸਵਾਰੀ ਗੱਡੀਆਂ ਚਲਾਉਣ ਦੀ ਅਜੇ ਆਗਿਆ ਨਹੀਂ ਦਿੱਤੀ ਗਈ ਹੈ।
ਰਾਜੇਵਾਲ ਨੇ ਕਿਹਾ ਕਿ ਸਵਾਰੀ ਗੱਡੀਆਂ ਚਲਾਉਣ ਸਬੰਧੀ ਅਜੇ ਕੋਈ ਫੈਸਲਾ ਨਹੀਂ ਦਿੱਤਾ ਗਿਆ ਹੈ ਪਰ ਅਗਲੇ ਕੁਝ ਦਿਨਾਂ ਤੱਕ ਕਿਸਾਨ ਜਥੇਬੰਦੀਆਂ ਵੱਲੋਂ ਇਸ ‘ਤੇ ਫੈਸਲਾ ਸੁਣਾ ਦਿੱਤਾ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬੀ ਲੋਕਾਂ ਦੇ ਹਿੱਤਾਂ ਨੂੰ ਧਿਆਨ ‘ਚ ਰੱਖਦੇ ਹੋਏ ਕਿਸਾਨਾਂ ਵੱਲੋਂ ਰੇਲ ਟਰੈਕਾਂ ‘ਤੇ ਧਰਨਿਆਂ ਨੂੰ ਚੁੱਕ ਦਿੱਤਾ ਗਿਆ ਹੈ ਤੇ ਮਾਲਗੱਡੀਆਂ ਨੂੰ ਚਲਾਉਣ ਦੀ ਇਜਾਜ਼ਤ ਕੇਂਦਰ ਵੱਲੋਂ ਮਿਲ ਗਈ ਹੈ। ਵੀਰਵਾਰ ਨੂੰ 15 ਥਾਵਾਂ ਤੋਂ ਟਰੈਕ ਖਾਲੀ ਕਰਾ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਆਰ. ਪੀ. ਐੱਫ. ਅਰੁਣ ਕੁਮਾਰ ਪੰਜਾਬ ਦੇ ਡੀ. ਜੀ. ਪੀ. ਦੇ ਸੰਪਰਕ ‘ਚ ਹਨ ਅਤੇ ਉਥੇ ਯਾਤਰੀਆਂ ਤੇ ਰੇਲਵੇ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਲੈ ਕੇ ਹਾਲਾਤ ‘ਤੇ ਨਜ਼ਰ ਰੱਖਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਦੇ ਸਹਿਯੋਗ ਨਾਲ ਰੇਲ ਟਰੈਕ ਵੀ ਖਾਲੀ ਕਰਾਏ ਜਾ ਰਹੇ ਹਨ। ਇਥੇ ਦੱਸਣਯੋਗ ਹੈ ਕਿ 22 ਅਕਤੂਬਰ ਨੂੰ ਮਾਲਗੱਡੀਆਂ ਦੀ ਆਵਾਜਾਈ ਸ਼ਰੂ ਕੀਤੀ ਗਈ ਸੀ ਪਰ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਟ੍ਰੇਨਾਂ ਰੋਕ ਕੇ ਉਨ੍ਹਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ ਸੀ ਜਿਸ ਕਾਰਨ ਰੇਲਾਂ ਦੀ ਆਵਾਜਾਈ ਬੰਦ ਕਰਨੀ ਪਈ।
ਸ. ਰਾਜੇਵਾਲ ਨੇ ਕਿਹਾ ਕਿ ਉਹ ਪਹਿਲਾਂ ਹੀ ਐਲਾਨ ਚੁੱਕੇ ਹਨ ਕਿ ਮਾਲਗੱਡੀਆਂ ਨੂੰ ਨਹੀਂ ਰੋਕਿਆ ਜਾਵੇਗਾ ਪਰ ਯਾਤਰੀ ਗੱਡੀਆਂ ਨੂੰ ਨਹੀਂ ਚੱਲਣ ਦਿੱਤਾ ਜਾਵੇਗਾ। ਕਿਸਾਨਾਂ ਨੇ ਰੇਲ ਟਰੈਕ ਪਹਿਲਾਂ ਹੀ ਖਾਲੀ ਕਰ ਦਿੱਤੇ ਹਨ ਤੇ ਰੇਲਵੇ ਸਟੇਸ਼ਨਾਂ ‘ਤੇ ਜਾਰੀ ਧਰਨਾ ਵੀ ਸਥਾਨ ਬਦਲ ਕੇ ਸਟੇਸ਼ਨਾਂ ਦੇ ਪਾਰਕਾਂ ‘ਚ ਲੈ ਲਿਆ ਗਿਆ ਹੈ । ਇਸ ਤਰ੍ਹਾਂ ਪਲੇਟਫਾਰਮ ਖਾਲੀ ਕਰ ਦਿੱਤੇ ਗਏ ਹਨ। ਰਾਜੇਵਾਲ ਨੇ ਚੇਤਾਵਾਨੀ ਦਿੱਤੀ ਕਿ ਜੇਕਰ ਯਾਤਰੀ ਟ੍ਰੇਨਾਂ ਚਲਾਈਆਂ ਗਈਆਂ ਤਾਂ ਕਿਸਾਨ ਸੰਗਠਨ ਉਨ੍ਹਾਂ ਨੂੰ ਜ਼ਰੂਰ ਰੋਕਣਗੇ।