Rakesh Tikait became the hero : ਨਵੀਂ ਦਿੱਲੀ : ਕੇਂਦਰ ਵੱਲੋਂ ਜਾਰੀ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਪੰਜਾਬ ਜਥੇਬੰਦੀਆਂ ਵੱਲੋਂ ਦਿੱਲੀ ਦੀਆਂ ਸਰਹੱਦਾਂ ‘ਤੇ ਸ਼ੁਰੂ ਕੀਤਾ ਅੰਦੋਲਨ ਨੂੰ 70 ਦਿਨ ਪੂਰੇ ਹੋ ਚੁੱਕੇ ਹਨ ਅਤੇ ਇਹ ਪੂਰੇ ਦੇਸ਼ ਦਾ ਅੰਦੋਲਨ ਬਣ ਚੁੱਕਾ ਹੈ। ਪਰ ਹੁਣ ਇਸ ਅੰਦੋਲਨ ਵਿੱਚ ਇੱਕ ਦਿਲਚਸਪ ਤਬਦੀਲੀ ਨਜ਼ਰ ਆ ਰਹੀ ਹੈ। ਲੋਕਾਂ ਦਾ ਧਿਆਨ ਹੁਣ ਸਿੰਘੂ ਅਤੇ ਟਿਕਰੀ ਬਾਰਡਰ, ਜਿਥੇ ਪੰਜਾਬ ਦੀਆਂ ਜਥੇਬੰਦੀਆਂ ਨੇ ਡੇਰਾ ਲਗਾਇਆ ਹੋਇਆ ਹੈ, ਤੋਂ ਗਾਜ਼ੀਪੁਰ ਵੱਲ ਤਬਦੀਲ ਹੋ ਰਿਹਾ ਹੈ, ਜਿਥੇ ਬੀਕੇਯੂ (ਟਿਕੈਤ) ਦੇ ਆਗੂ ਰਾਕੇਸ਼ ਟਿਕੈਤ ਇਸ ਮੋਰਚੇ ਨੂੰ ਸੰਭਾਲ ਰਹੇ ਹਨ। ਦਿਲਚਸਪ ਗੱਲ ਇਹ ਹੈ ਕਿ ਜਿਥੇ ਪੰਜਾਬ ਜਥੇਬੰਦੀਆਂ ਦੇ ਨੇਤਾਵਾਂ ਦਾ ਰੁਤਬਾ ਕਾਫੀ ਹੱਦ ਤੱਕ ਬਦਲਿਆ ਹੋਇਆ ਹੈ, ਰਾਕੇਸ਼ ਟਿਕੈਤ ਤੇਜ਼ੀ ਨਾਲ ਅੰਦੋਲਨ ਦੇ ‘ਸਟਾਰ’ ਵਜੋਂ ਉੱਭਰ ਰਹੇ ਹਨ।
ਇੱਕ ਬੀਕੇਯੂ ਨੇਤਾ ਨੇ ਨਾਂ ਨਾ ਦੱਸਣ ਦੀ ਸ਼ਰਤ ‘ਤੇ ਕਿਹਾ ਕਿ “ਇਸ ਵੇਲੇ ਜ਼ਿਆਦਾਤਰ ਧਿਆਨ ਉਸ ਵੱਲ ਹੈ, ਜੋ ਕਿ ਇੱਕ ਦਿਲਚਸਪ ਵਿਕਾਸ ਹੈ ਕਿਉਂਕਿ ਅੰਦੋਲਨ ਦੇ ਸ਼ੁਰੂਆਤੀ ਦਿਨਾਂ ਵਿੱਚ, ਉਹ (ਰਾਕੇਸ਼ ਟਿਕੈਟ) ਤਸਵੀਰ ਵਿੱਚ ਕਿਤੇ ਵੀ ਨਹੀਂ ਸਨ। ਉਨ੍ਹਾਂ ਇਹ ਵੀ ਦੱਸਿਆ ਕਿ ਕਿਵੇਂ “ਪੰਜਾਬ ਜਥੇਬੰਦੀਆਂ ਨੇ ਅੰਦੋਲਨ ਦੇ ਸ਼ੁਰੂਆਤੀ ਦਿਨਾਂ ਵਿੱਚ ਰਾਜ ਵਿੱਚ ਬੀਕੇਯੂ (ਟਿਕੈਟ) ਧੜੇ ਨੂੰ ਘੇਰ ਲਿਆ ਸੀ।
ਜ਼ਿਕਰਯੋਗ ਹੈ ਕਿ ਰਾਕੇਸ਼ ਟਿਕੈਤ, ਜਿਨ੍ਹਾਂ ਨੇ ਦੋ ਮਹੀਨੇ ਪਹਿਲਾਂ ਸਾਂਝੇ ਤੌਰ ‘ਤੇ ‘ਦਿੱਲੀ ਚਲੋ’ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਸੀ, ਦਿੱਲੀ ਵਿੱਚ ਗਣਤੰਤਰ ਦਿਵਸ ਮੌਕੇ ਹੋਏ ਹੰਗਾਮੇ ਦੇ ਬਾਅਦ ਰਾਕੇਸ਼ ਟਿਕੈਤ ਰਾਤੋ ਰਾਤ ਅੰਦੋਲਨ ਦਾ ਰੁਖ ਬਦਲਦੇ ਨਜ਼ਰ ਆਏ, ਰਾਕੇਸ਼ ਟਿਕੈਤ ਜਦੋ ਭਾਵੁਕ ਹੋਏ ਤੇ ਉਸ ਤੋਂ ਬਾਅਦ ਪ੍ਰਦਰਸ਼ਨ ਨੂੰ ਹੋਰ ਰਫਤਾਰ ਮਿਲਣੀ ਸ਼ੁਰੂ ਹੋ ਗਈ। ਅੰਦੋਲਨ ਦੇ ਸਮੇਂ ਭਾਵੁਕ ਹੋਣ ਤੇ ਰਕੇਸ਼ ਟਿਕੈਤ ਨੇ ਕਿਹਾ ਕਿ “ਪੁਲਿਸ ਜ਼ਬਰਦਸਤੀ ਪ੍ਰਦਰਸ਼ਨ ਵਾਲਿਆਂ ਥਾਵਾਂ ਖਾਲੀ ਕਰਵਾਉਣਾ ਚਾਹੁੰਦੀ ਸੀ ਪਰ ਪੁਲਿਸ ਪਿੱਛੇ ਰਹੀ ਤੇ ਉਨ੍ਹਾਂ ਦੇ ਗੁੰਡੇ ਅੱਗੇ ਰਹੇ। ਪੁਲਿਸ ਜੇ ਸਾਨੂੰ ਉੱਠਣ ਨੂੰ ਕਹੇਗੀ ਤੇ ਕੋਈ ਦਿੱਕਤ ਨਹੀਂ ਹੈ ਪਰ ਗੁੰਡੇ ਅੱਗੇ ਕਿਊਂ ਆ ਰਹੇ ਹਨ।” ਉਨ੍ਹਾਂ ਨੇ ਗਣਤੰਤਰ ਦਿਵਸ ‘ਤੇ ਟਰੈਕਟਰ ਪਰੇਡ ਦੌਰਾਨ ਹਿੰਸਾ ਦੀ ਵੀ ਜਾਂਚ ਦੀ ਮੰਗ ਕੀਤੀ।