Raninder did not appear at the ED : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਨੂੰ 6 ਨਵੰਬਰ ਨੂੰ ਈਡੀ ਨੇ ਜਲੰਧਰ ਦਫਤਰ ਵਿੱਚ ਪੇਸ਼ ਹੋਣ ਅਤੇ ਜਾਂਚ ਲਈ ਦਸਤਾਵੇਜ਼ ਮੁਹੱਈਆ ਕਰਵਾਉਣ ਲਈ ਬੁਲਾਇਆ ਗਿਆ ਸੀ, ਜਿਸ ’ਤੇ ਅੱਜ ਵੀ ਰਣਇੰਦਰ ਈਡੀ ਅੱਗੇ ਪੇਸ਼ ਨਹੀਂ ਹੋਏ। ਉਨ੍ਹਾਂ ਦੇ ਵਕੀਲ ਜੈਵੀਰ ਸਿੰਘ ਨੇ ਸਿਹਤ ਦੇ ਆਧਾਰ ’ਤੇ ਰਾਹਤ ਦੀ ਮੰਗ ਕੀਤੀ ਹੈ।
ਦੱਸਣਯੋਗ ਹੈ ਕਿ ਈਡੀ ਨੇ ਰਣਇੰਦਰ ਦੇ ਵਿਦੇਸ਼ੀ ਖਾਤਿਆਂ ਅਤੇ ਬ੍ਰਿਟਿਸ਼ ਆਈਸਲੈਂਡ ਵਿੱਚ ਟਰੱਸਟ ਬਣਾਉਣ ਦੇ ਸਬੰਧ ਵਿੱਚ ਫੇਮਾ ਅਧੀਨ ਇਨਕਮ ਟੈਕਸ ਵਿਭਾਗ ਵੱਲੋਂ ਕੀਤੀ ਜਾ ਰਹੀ ਜਾਂਚ ਤੋਂ ਬਾਅਦ ਈਡੀ ਨੇ ਵੀ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਈਡੀ ਨੇ ਰਣਇੰਦਰ ਸਿੰਘ ਨੂੰ ਸੰਮਨ ਭੇਜਿਆ ਸੀ ਅਤੇ ਉਸ ਨੂੰ 27 ਅਕਤੂਬਰ ਨੂੰ ਈਡੀ ਦਫ਼ਤਰ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਸੀ। ਰਣਇੰਦਰ ਸਿੰਘ 27 ਅਕਤੂਬਰ ਨੂੰ ਈਡੀ ਦਫ਼ਤਰ ਵਿੱਚ ਪੇਸ਼ ਨਹੀਂ ਹੋਏ ਸਨ। ਉਨ੍ਹਾਂ ਦੇ ਵਕੀਲ ਜੈਵੀਰ ਸਿੰਘ ਸ਼ੇਰਗਿੱਲ ਨੇ ਟਵੀਟ ਕਰਕੇ 27 ਨੂੰ ਜਾਣਕਾਰੀ ਦਿੱਤੀ ਸੀ ਕਿ ਰਣਇੰਦਰ ਨੈਸ਼ਨਲ ਰਾਈਫਲ ਐਸੋਸੀਏਸ਼ਨ ਦੇ ਮੁਖੀ ਹਨ। 27 ਅਕਤੂਬਰ ਨੂੰ ਉਹ ਓਲੰਪਿਕ ਖੇਡਾਂ ਬਾਰੇ ਸੰਸਦੀ ਪੈਨਲ ਦੀ ਬੈਠਕ ਵਿਚ ਸ਼ਾਮਲ ਹੋਣਾ ਸੀ, ਇਸ ਲਈ, ਉਹ ਈਡੀ ਦਫਤਰ ਵਿੱਚ ਪੇਸ਼ ਨਹੀਂ ਹੋ ਸਕੇ। ਇਹ ਮੁਲਾਕਾਤ ਓਲੰਪਿਕ ਖੇਡਾਂ ਬਾਰੇ ਮਹੱਤਵਪੂਰਨ ਸੀ। ਰਣਇੰਦਰ ਦਾ ਲੰਬੇ ਸਮੇਂ ਤੱਕ ਈਡੀ ਦਫ਼ਤਰ ਵਿੱਚ ਇੰਤਜ਼ਾਰ ਹੁੰਦਾ ਰਿਹਾ ਸੀ।
ਈਡੀ ਨੇ ਪਹਿਲਾਂ ਇਨਕਮ ਟੈਕਸ ਵਿਭਾਗ ਦੇ ਸੰਬੰਧਤ ਦਸਤਾਵੇਜ਼ਾਂ ਦੀ ਮੰਗ ਕੀਤੀ ਸੀ, ਪਰ ਇਨਕਮ ਟੈਕਸ ਵਿਭਾਗ ਨੇ ਗੁਪਤ ਕਾਨੂੰਨ ਦੇ ਅਧਾਰ ‘ਤੇ ਦਸਤਾਵੇਜ਼ ਈਡੀ ਨੂੰ ਦੇਣ ਤੋਂ ਅਧਿਕਾਰਤ ਤੌਰ ‘ਤੇ ਇਨਕਾਰ ਕਰ ਦਿੱਤਾ ਸੀ। ਉਸ ਤੋਂ ਬਾਅਦ ਈਡੀ ਨੇ ਆਪਣੇ ਪੱਧਰ ਤੋਂ ਹੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਰਣਇੰਦਰ ਵੱਲੋਂ ਈਡੀ ਦਫ਼ਤਰ ਵਿੱਚ ਪੇਸ਼ ਹੋਣ ਲਈ ਇੱਕ ਹਫ਼ਤੇ ਦਾ ਸਮਾਂ ਮੰਗਿਆ ਗਿਆ ਸੀ। ਨਤੀਜੇ ਵਜੋਂ, ਈਡੀ ਨੇ ਉਨ੍ਹਾਂ ਨੂੰ 6 ਨਵੰਬਰ ਤੱਕ ਪੇਸ਼ ਹੋਣ ਦੀ ਮੋਹਲਤ ਦੇ ਦਿੱਤੀ ਸੀ। ਪਰ ਹੁਣ ਵੀ ਉਨ੍ਹਾਂ ਦੇ ਵਕੀਲ ਨੇ ਸਿਹਤ ਕਾਰਨਾਂ ਦਾ ਹਵਾਲਾ ਦੇ ਕੇ ਰਾਹਤ ਮੰਗੀ ਹੈ। ਈਡੀ ਦੇ ਮੁੱਢਲੇ ਸਰੋਤਾਂ ਦਾ ਕਹਿਣਾ ਹੈ ਕਿ ਚਾਰ ਸਾਲ ਪਹਿਲਾਂ ਰਣਇੰਦਰ ਸਿੰਘ ਨੇ ਜਾਂਚ ਵਿਚ ਸਹਿਯੋਗ ਦੀ ਗੱਲ ਕੀਤੀ ਸੀ, ਪਰ ਹੁਣ ਤੱਕ ਵਿਦੇਸ਼ੀ ਬੈਂਕ ਖਾਤਿਆਂ ਅਤੇ ਉਨ੍ਹਾਂ ਵਿਚ ਕੀਤੇ ਲੈਣ-ਦੇਣ ਦੀ ਜਾਣਕਾਰੀ ਬਾਰੇ ਦਸਤਾਵੇਜ਼ ਨਹੀਂ ਦਿੱਤੇ ਗਏ ਹਨ। ਉਥੇ ਹੀ ਮੁੱਖ ਮੰਤਰੀ ਵੱਲੋਂ ਈਡੀ ਵੱਲੋਂ ਨੋਟਿਸ ਭੇਜਣ ਦੀ ਟਾਈਮਿੰਗ ‘ਤੇ ਵੀ ਸਵਾਲ ਉਠਾਏ ਜਾ ਰਹੇ ਹਨ, ਜਦੋਂ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ।