Reaching Sri Goindwal : ਭਾਈ ਦਾਤੂ ਜੀ ਸ੍ਰੀ ਗੁਰੂ ਅੰਗਦ ਸਾਹਿਬ ਦੇ ਵੱਡੇ ਪੁੱਤਰ ਸਨ। ਉਹ ਸਮਝਦੇ ਸਨ ਕਿ ਗੁਰਗੱਦੀ ਸਾਡਾ ਹੱਕ ਹੈ। ਜਦ ਗੁਰੂ ਜੀ ਨੇ ਗੁਰ-ਗੱਦੀ ਸ੍ਰੀ ਅਮਰਦਾਸ ਜੀ ਨੂੰ ਦਿੱਤੀ ਤਾਂ ਦਾਤੂ ਜੀ ਬੜੇ ਗੁੱਸੇ ਹੋਏ। ਉਹ ਵਿੱਚੇ-ਵਿੱਚ ਸੜਨ ਭੁੱਜਣ ਲੱਗ ਪਏ। ਸ੍ਰੀ ਗੁਰੂ ਅੰਗਦ ਦੇਵ ਜੀ ਦਾ ਹੁਕਮ ਮੰਨ ਕੇ ਗੁਰੂ ਅਮਰਦਾਸ ਜੀ ਖਡੂਰ ਸਾਹਿਬ ਛੱਡ ਕੇ ਸ੍ਰੀ ਗੋਇੰਦਵਾਲ ਸਾਹਿਬ ਚਲੇ ਗਏ ਸਨ। ਉਥੇ ਲੰਗਰ ਵਰਤਦਾ ਤੇ ਸੰਗਤਾਂ ਜੁੜਦੀਆਂ ਸਨ। ਗੁਰੂ ਅਮਰਦਾਸ ਜੀ ਦਾ ਤੇਜ ਪ੍ਰਤਾਪ ਵੇਖ ਕੇ ਦਾਤੂ ਜੀ ਜਰ ਨਾ ਸਕੇ। ਉਹ ਸਗੋਂ ਹੋਰ ਵੀ ਵਧੇਰੇ ਸੜਭੁੱਜ ਗਏ। ਇਕ ਦਿਨ ਕ੍ਰੋਧ ਵਿੱਚ ਆਏ, ਉਹ ਸ੍ਰੀ ਗੋਇੰਦਵਾਲ ਜਾ ਪੁੱਜੇ।
ਹੰਕਾਰ ਤੇ ਈਰਖਾ ਦੀ ਅੱਗ ਵਿਚ ਤਪਦਾ ਜਦ ਦਾਤੂ ਗੋਇੰਦਵਾਲ ਗੁਰੂ ਦਰਬਾਰ ਪਹੁੰਚਿਆ ਤਾ ਸੰਗਤ ਗੁਰੂ ਸਾਹਿਬ ਦਾ ਉਪਦੇਸ਼ ਸੁਣ ਰਹੀ ਸੀ। ਇਸਨੇ ਜਾਦਿਆਂ ਹੀ ਗੁਰੂ ਸਾਹਿਬ ਨੂੰ ਜ਼ੋਰ ਦੀ ਲਤ ਮਾਰੀ ਤੇ ਕਿਹਾ ,’ ਕੀ ਤੂੰ ਤਾਂ ਸਾਡਾ ਨੌਕਰ ਹੈਂ । ਹੁਣ ਤੇਰੀ ਸਾਨੂੰ ਲੋੜ ਨਹੀ ਤੂੰ ਇਥੋ ਚਲਿਆ ਜਾ” । ਗੁਰੂ ਸਾਹਿਬ ਚੋਕੀ ਤੋਂ ਥਲੇ ਡਿੱਗ ਪਏ ਉਠ ਕੇ ਬੜੀ ਹਲੀਮੀ ਨਾਲ ਪੈਰ ਪਕੜ ਕੇ ਆਖਿਆ ” ਪੁਤਰ ਮੇਰੀਆਂ ਹੱਡੀਆਂ ਸਖਤ ਹਨ ਤੇ ਤੁਹਾਡੇ ਪੈਰ ਕੋਮਲ ਹਨ, ਕਿਤੇ ਕੋਈ ਚੋਟ ‘ਤੇ ਨਹੀਂ ਆਈ? ਸੰਗਤਾਂ ਗੁਰੂ ਸਾਹਿਬ ਦੀ ਅਡੋਲਤਾ ਤੇ ਧੀਰਜ ਦੇਖਕੇ ਹੈਰਾਨ ਰਹਿ ਗਈਆਂ।
ਦਾਤੂ ਦਰਬਾਰ ਵਿਚੋਂ ਨਿਕਲ ਕੇ ਚੌਬਾਰੇ ‘ਤੇ ਲੰਗਰ ਵਾਲੇ ਪਾਸੇ ਗਿਆ। ਗੁਰੂ ਘਰ ਦਾ ਸਾਰਾ ਮਾਲ ਖਚਰਾਂ ਤੇ ਘੋੜਿਆਂ ‘ਤੇ ਲੱਦ ਕੇ ਘਰ ਨੂੰ ਤੁਰ ਪਿਆ ਪਰ ਰਸਤੇ ਵਿਚ ਚੋਰਾਂ ਨੇ ਸਾਰਾ ਮਾਲ ਲੁਟ ਲਿਆ। ਇਸ ਖੋਹਾ- ਖੁਹਾਈ ਵਿਚ ਦਾਤੂ ਨੂੰ ਕਾਫੀ ਚੋਟਾਂ ਵੀ ਲਗੀਆਂ । ਬਾਕੀ ਸੱਟਾਂ ਤਾ ਵਕਤ ਨਾਲ ਠੀਕ ਹੋ ਗਈਆਂ ਪਰ ਜੋ ਲਤ ਉਸਨੇ ਗੁਰੂ ਸਾਹਿਬ ਨੂੰ ਮਾਰੀ ਸੀ ਉਸਦੀ ਦਰਦ ਪੰਜਵੇ ਜਾਮੇ ਵਿਚ ਗੁਰੂ ਅਰਜਨ ਦੇਵ ਜੀ ਤੋਂ ਮੁਆਫ਼ੀ ਮਿਲਣ ਨਾਲ ਠੀਕ ਹੋਈ।