Relationships are strained : ਬਠਿੰਡਾ: ਮਾਵਾਂ ਸੌ ਸੌ ਸੁਖਾਂ ਸੁੱਖ ਕੇ ਪੁੱਤ ਮੰਗਦੀਆਂ ਨੇ ਤੇ ਫੇਰ ਸਾਰੀ ਉਮਰ ਉਸੇ ਪੁੱਤ ਦੀ ਲੰਬੀ ਉਮਰ ਦੀਆਂ ਦੁਆਵਾਂ ਮੰਗਦੀਆਂ ਨੇ ਪਰ ਅੱਜ ਦਾ ਇਨਸਾਨ ਲਾਲਚ ‘ਚ ਇੰਨਾ ਅੰਨਾ ਹੋ ਚੁਕਿਆ ਕੇ ਉਹ ਇਨ੍ਹਾਂ ਇਨਸਾਨੀ ਰਿਸ਼ਤਿਆਂ ਨੂੰ ਭੁਲਾ ਅਜਿਹੇ ਦਿਲ ਕੰਬਾਊਂ ਵਾਰਦਾਤਾਂ ਨੂੰ ਅੰਜਾਮ ਦੇ ਦਿੰਦਾ ਹੈ ਜਿਸ ਨਾਲ ਖੂਨ ਦੇ ਰਿਸ਼ਤੇ ਵੀ ਸ਼ਰਮਸਾਰ ਹੋ ਜਾਂਦੇ ਹਨ। ਅਜਿਹਾ ਹੀ ਦਿਲ ਕਬਾਊਂ ਮਾਮਲਾ ਸਾਹਮਣੇ ਆਇਆ ਬਠਿੰਡੇ ਦੇ ਨਥਾਣਾ ਅਧੀਨ ਪੈਂਦੇ ਪਿੰਡ ਕਲਿਆਣ ਸੁਖਾ ਤੋਂ ਜਿਥੇ ਇੱਕ ਕਲਯੁਗੀ ਪੁੱਤਰ ਨੇ ਜ਼ਮੀਨ ਦੇ ਲਾਲਚ ‘ਚ ਆ ਕੇ ਆਪਣੀ ਹੀ ਮਾਂ ਦਾ ਕਤਲ ਕਰ ਦਿੱਤਾ। ਜਿਸ ਦੀ ਸੂਚਨਾ ਮਿਲਣ ‘ਤੇ ਥਾਣਾ ਨਥਾਣਾ ਦੀ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ। ਐਸਐਚਓ ਨਰਿੰਦਰ ਸਿੰਘ ਨੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਦੋਸ਼ੀ ਸੁਰਜੀਤ ਸਿੰਘ ਨੇ ਬੀਤੀ ਸ਼ਾਮ ਆਪਣੀ ਪਤਨੀ ਨਾਲ ਮਿਲ ਕੇ ਜ਼ਮੀਨੀ ਝਗੜੇ ਕਰਕੇ ਆਪਣੀ ਮਾਂ ਦਾ ਕੱਸੀ ਮਾਰ ਕੇ ਕਤਲ ਕਰ ਦਿੱਤਾ। ਜਿਸ ਦੇ ਖਿਲਾਫ ਮ੍ਰਿਤਕਾ ਹਰਭਜਨ ਕੌਰ ਦੇ ਭਰਾ ਪਿਆਰਾ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਮ੍ਰਿਤਕਾ ਹਰਭਜਨ ਕੌਰ ਦੇ ਭਰਾ ਪਿਆਰਾ ਸਿੰਘ ਨੇ ਦੱਸਿਆ ਕਿ ਜਦੋਂ ਉਹ ਬੀਤੇ ਦਿਨੀਂ ਆਪਣੀ ਭੈਣ ਦਾ ਹਾਲ ਪੁੱਛਣ ਲਈ ਪਿੰਡ ਗਿਆ ਸੀ ਤਾਂ ਵਿਹੜੇ ਵਿਚ ਪਏ ਮੰਜੇ ‘ਤੇ ਉਸ ਦੀ ਭੈਣ ਦੀ ਲਾਸ਼ ਪਈ ਸੀ। ਹਰਭਜਨ ਕੌਰ ਦੀ ਲਾਸ਼ ਖੂਨ ਨਾਲ ਲੱਥਪੱਥ ਸੀ ਅਤੇ ਉਸ ਦਾ ਭਾਣਜਾ ਅਤੇ ਉਸਦੀ ਪਤਨੀ ਘਰੋਂ ਫਰਾਰ ਸੀ। ਇਸ ਦੇ ਨਾਲ ਹੀ ਪਿਆਰਾ ਸਿੰਘ ਨੇ ਦੱਸਿਆ ਕਿ ਦੋਸ਼ੀ ਸੁਰਜੀਤ ਸਿੰਘ ਸ਼ਰਾਬ ਦਾ ਆਦੀ ਸੀ। ਜਿਸ ਕਰਕੇ ਮ੍ਰਿਤਕਾ ਹਰਭਜਨ ਕੌਰ ਨੇ ਆਪਣੀ ਦੋ ਕਿੱਲੇ ਜ਼ਮੀਨ ਆਪਣੇ ਨਾਂ ਲਗਵਾਈ ਹੋਈ ਸੀ ਅਤੇ ਘਰ ਵਿਚ ਜ਼ਮੀਨੀ ਝਗੜੇ ਨੂੰ ਲੈ ਕੇ ਕਲੇਸ਼ ਰਹਿੰਦਾ ਸੀ। ਜਿਸ ਦੇ ਚੱਲਦੇ ਬੀਤੇ ਦਿਨੀਂ ਦੋਸ਼ੀ ਸੁਰਜੀਤ ਸਿੰਘ ਨੇ ਆਪਣੀ ਪਤਨੀ ਨਾਲ ਰੱਲ ਕੇ ਹਰਭਜਨ ਕੌਰ ਦਾ ਕਤਲ ਕਰ ਦਿੱਤਾ।
ਦੂਜੇ ਪਾਸੇ ਪੁਲਿਸ ਜਾਂਚ ਅਧਿਕਾਰੀ ਦੇ ਦੱਸਣ ਮੁਤਾਬਕ ਮ੍ਰਿਤਕ ਔਰਤ ਦੇ ਭਰਾ ਦੇ ਬਿਆਨਾਂ ਦੇ ਅਧਾਰ ‘ਤੇ ਦੋਸ਼ੀ ਅਤੇ ਉਸਦੀ ਪਤਨੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਇਸ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ