Robbers carry out massive : ਸੰਗਰੂਰ ਜ਼ਿਲ੍ਹੇ ਵਿਚ ਲੁਟੇਰਿਆਂ ਨੇ ਬੀਤੀ ਰਾਤ ਇਕ ਵੱਡੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ, ਜਿਥੇ ਥਾਣਾ ਚੀਮਾ ਅਧੀਨ ਪੈਂਦੇ ਪਿੰਡ ਸ਼ੇਰੋਂ ਵਿਚ ਐਸਬੀਆਈ ਬੈਂਕ ਏਟੀਐਮ ਹੀ ਪੁੱਟ ਕੇ ਲੈ ਗਏ, ਜਿਸ ਵਿਚ ਲਗਭਗ 36 ਲੱਖ ਰੁਪਏ ਦੀ ਨਕਦੀ ਸੀ। ਮਿਲੀ ਜਾਣਕਾਰੀ ਮੁਤਾਬਕ ਲੁੱਟ ਕਰਨ ਵਾਲੇ ਚਾਰ ਲੁਟੇਰੇ ਸਨ ਜੋ ਰਾਤ ਲਗਭਗ ਦੋ ਵਜੇ ਬਲੈਰੋ ਪਿਕਅੱਪ ਗੱਡੀ ਵਿਚ ਆਏ ਸਨ ਅਤੇ ਪਿੰਡ ਵਿਚ ਸਥਿਤ ਐਸਬੀਆਈ ਬੈਂਕ ਦਾ ਏਟੀਐਮ ਦਾ ਸ਼ਟਰ ਤੋੜ ਕੇ ਅੰਦਰ ਦਾਖਲ ਹੋਏ। ਲੁਟੇਰਿਆਂ ਨੇ ਸਭ ਤੋਂ ਪਹਿਲਾਂ ਏਟੀਐਮ ਵਾਲੇ ਕਮਰੇ ਵਿਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਤੋੜਿਆ ਅਤੇ ਫਿਰ ਏਟੀਐਮ ਮਸ਼ੀਨ ਨੂੰ ਪੁੱਟ ਕੇ ਫਰਾਰ ਹੋ ਗਏ।
ਦੱਸਣਯੋਗ ਹੈ ਪਿੰਡ ਦੇ ਇਸ ਏਟੀਐਮ ’ਤੇ ਕੋਈ ਵੀ ਸਕਿਓਰਿਟੀ ਗਾਰਡ ਨਹੀਂ ਰਖਿਆ ਗਿਆ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਸੀਸੀਟੀਵੀ ਦੀ ਫੁਟੇਜ ਨੂੰ ਖੰਗਾਲਿਆ ਜ ਰਿਹਾ ਹੈ। ਬੈਂਕ ਦੇ ਮੈਨੇਜਰ ਵਿਵੇਕ ਕੁਮਾਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਏਟੀਐਮ ਵਿਚ 36 ਲੱਖ ਦੇ ਕਰੀਬ ਨਕਦੀ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।