Samyukta Kisan Morcha : ਕਿਸਾਨਾਂ ਵੱਲੋਂ ਅੱਜ ਦਿੱਲੀ ਵਿਖੇ ਟਰੈਕਟਰ ਪਰੇਡ ਕੀਤੀ ਗਈ, ਜਿਸ ਦੌਰਾਨ ਕਈ ਹਿੰਸਕ ਗਤੀਵਿਧੀਆਂ ਦੀ ਘਟੀਆਂ ਜਿਸ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚਾ ਨੇ ਖੁਦ ਨੂੰ ਇਨ੍ਹਾਂ ਅਸਮਾਜਿਕ ਤੱਤਾਂ ਤੋਂ ਵੱਖਰਾ ਕਰਦੇ ਹੋਏ ਪ੍ਰੈੱਸ ਨੋਟ ਜਾਰੀ ਕੀਤਾ ਜਿਸ ‘ਚ ਉਨ੍ਹਾਂ ਕਿਹਾ ਕਿ ਅੱਜ ਦੀ ਕਿਸਾਨ ਗਣਤੰਤਰ ਦਿਵਸ ਪਰੇਡ ‘ਚ ਉਨ੍ਹਾਂ ਦੀ ਹਿੱਸੇਦਾਰੀ ਲਈ ਅਸੀਂ ਕਿਸਾਨਾਂ ਦਾ ਧੰਨਵਾਦ ਕਰਦੇ ਹਾਂ।ਅਸੀਂ ਅੱਜ ਹੋਣ ਵਾਲੀਆਂ ਕੁਝ ਹਿੰਸਕ ਘਟਨਾਵਾਂ ਦੀ ਨਿੰਦਾ ਵੀ ਕਰਦੇ ਹਾਂ ਤੇ ਖੇਦ ਪ੍ਰਗਟਾਉਂਦੇ ਹਾਂ। ਸਾਡੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਕੁਝ ਲੋਕ ਤੇ ਸੰਗਠਨਾਂ ਨੇ ਨਿਯਮਾਂ ਦੀ ਉਲੰਘਣਾ ਕੀਤੀ ਹੈ ਅਤੇ ਨਿੰਦਣਯੋਗ ਗਤੀਵਿਧੀਆਂ ਨੂੰ ਅੰਜਾਮ ਦਿੱਤਾ। ਅਸਮਾਜਿਕ ਤੱਤਾਂ ਨੇ ਇਸ ਸ਼ਾਂਤੀਪੂਰਨ ਅੰਦੋਲਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਹਮੇਸ਼ਾ ਮੰਨਿਆ ਹੈ ਕਿ ਸ਼ਾਂਤੀ ਸਾਡੀ ਸਭ ਤੋਂ ਵੱਡੀ ਤਾਕਤ ਹੈ ਅਤੇ ਕਿਸੇ ਵੀ ਹਿੰਸਕ ਗਤੀਵਿਧੀ ਨਾਲ ਅੰਦੋਲਨ ਨੂੰ ਨੁਕਸਾਨ ਪੁੱਜੇਗਾ।
6 ਮਹੀਨੇ ਲੰਬਾ ਅਤੇ ਹੁਣ ਦਿੱਲੀ ਦੀਆਂ ਸਰਹੱਦਾਂ ‘ਤੇ 60 ਦਿਨ ਤੋਂ ਵਧ ਤੋਂ ਚੱਲ ਰਹੇ ਇਸ ਅੰਦੋਲਨ ਦੇ ਕਾਰਨ ਵੀ ਅਜਿਹੀ ਸਥਿਤੀ ਆਈ ਹੈ। ਅਸੀਂ ਇਸ ਤਰ੍ਹਾਂ ਦੇ ਸਾਰੇ ਤੱਤਾਂ ਨੂੰ ਖੁਦ ਤੋਂ ਵੱਖਰਾ ਕਰਦੇ ਹਾਂ ਜਿਨ੍ਹਾਂ ਨੇ ਅਨੁਸ਼ਾਸਨ ਨੂੰ ਭੰਗ ਕੀਤਾ ਹੈ। ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਪਰੇਡ ਦੇ ਰਸਤੇ ਤੇ ਮਾਪਦੰਡਾਂ ਅਨੁਸਾਰ ਰਹੇ। ਕਿਸੇ ਵੀ ਹਿੰਸਕ ਕਾਰਵਾਈ ਜਾਂ ਰਾਸ਼ਟਰੀ ਪ੍ਰਤੀਕਾਂ ਤੇ ਮਰਿਆਦਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਕਿਸੇ ਵੀ ਗਤੀਵਿਧੀ ‘ਚ ਸ਼ਾਮਲ ਨਾ ਹੋਵੇ। ਅਸੀਂ ਸਾਰਿਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਅਜਿਹੇ ਕਿਸੇ ਵੀ ਕੰਮ ਤੋਂ ਦੂਰ ਰਹਿਣਗੇ।
ਸੰਯੁਕਤ ਕਿਸਾਨ ਮੋਰਚਾ ਦੀ ਟੀਮ ਨੇ ਅੱਜ ਦੀ ਪਰੇਡ ਸਬੰਧੀ ਬਣਾਈ ਗਈ ਯੋਜਨਾ ਬਾਰੇ ਸਾਰੀਆਂ ਘਟਨਾਵਾਂ ਦੀ ਪੂਰੀ ਸੂਚਨਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਉਮੀਦ ਹੈ ਕਿ ਜਲਦ ਹੀ ਪੂਰੀ ਤਸਵੀਰ ਮਿਲ ਜਾਵੇਗੀ ਤੇ ਇਕ ਪ੍ਰੈਸ ਨੋਟ ਵੀ ਜਾਰੀ ਕੀਤਾ ਜਾਵੇਗਾ। ਸਾਡੀ ਜਾਣਕਾਰੀ ਇਹ ਹੈ ਕਿ ਕੁਝ ਨਿੰਦਣਯੋਗ ਘਟਨਾਵਾਂ ਦੇ ਬਾਵਜੂਦ ਇਹ ਪਰੇਡ ਸ਼ਾਂਤੀਪੂਰਨ ਚੱਲ ਰਹੀ ਹੈ।