Sanyukta Kisan Morcha : ਅੱਜ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ‘ਚ ਕੱਲ੍ਹ ਸਰਕਾਰ ਵੱਲੋਂ ਰੱਖੇ ਗਏ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਗਿਆ। ਤਿੰਨ ਕੇਂਦਰੀ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਸਾਰੇ ਕਿਸਾਨਾਂ ਲਈ ਸਾਰੀਆਂ ਫਸਲਾਂ ‘ਤੇ ਲਾਹੇਵੰਦ ਐਮਐਸਪੀ ਲਈ ਇੱਕ ਕਾਨੂੰਨ ਲਾਗੂ ਕਰਨ ਨੂੰ ਇਸ ਅੰਦੋਲਨ ਦੀਆਂ ਮੁੱਖ ਮੰਗਾਂ ਵਜੋਂ ਦੁਹਰਾਇਆ ਗਿਆ। ਸੰਯੁਕਤ ਕਿਸਾਨ ਮੋਰਚਾ ਇਸ ਅੰਦੋਲਨ ਵਿਚ ਹੁਣ ਤੱਕ ਸ਼ਹੀਦ ਹੋਏ 147 ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀਹੈ। ਲੋਕ ਲਹਿਰ ਲੜਦਿਆਂ ਇਹ ਸਾਥੀ ਸਾਡੇ ਤੋਂ ਵਿੱਛੜ ਗਏ ਹਨ। ਉਨ੍ਹਾਂ ਦੀ ਕੁਰਬਾਨੀ ਵਿਅਰਥ ਨਹੀਂ ਜਾਵੇਗੀ।
ਪੁਲਿਸ ਪ੍ਰਸ਼ਾਸਨ ਨਾਲ ਹੋਈ ਬੈਠਕ ਵਿਚ ਪੁਲਿਸ ਨੇ ਮੰਗ ਕੀਤੀ ਕਿ ਕਿਸਾਨ ਪਰੇਡ ਰਿੰਗ ਰੋਡ ‘ਤੇ ਨਾ ਕੀਤੀ ਜਾਵੇ। ਕਿਸਾਨਾਂ ਨੇ ਪੂਰੇ ਜ਼ੋਰ ਨਾਲ ਇਹ ਗੱਲ ਰੱਖੀ ਕਿ ਪਰੇਡ ਰਿੰਗ ਰੋਡ ‘ਤੇ ਹੀ ਹੋਵੇਗੀ। ਇਸ ਵਾਰੇ ਪੁਲਿਸ ਨਾਲ ਮੀਟਿੰਗ ਕੱਲ ਹੋਵੇਗੀ। ਇਹ ਸ਼ਾਂਤਮਈ ਅੰਦੋਲਨ ਹੁਣ ਦੇਸ਼ ਵਿਆਪੀ ਬਣ ਚੁੱਕਿਆ ਹੈ। ਗਣਤੰਤਰ ਦਿਵਸ ਲਈ ਕਿਸਾਨ ਕਰਨਾਟਕ ਵਿਚ ਕਈ ਥਾਵਾਂ ‘ਤੇ ਵਾਹਨ ਰੈਲੀਆਂ ਕਰਕੇ ਇਕਜੁੱਟ ਹੋ ਰਹੇ ਹਨ। ਕੇਰਲ ਵਿੱਚ ਕਈ ਥਾਵਾਂ ਤੇ ਕਿਸਾਨ ਟਰੈਕਟਰ ਮਾਰਚ ਕਰ ਰਹੇ ਹਨ। ਉੱਤਰਾਖੰਡ ਦੇ ਬਿਲਾਸਪੁਰ ਅਤੇ ਰਾਮਪੁਰ ਵਿੱਚ ਟਰੈਕਟਰ ਮਾਰਚ ਕਰਕੇ ਕਿਸਾਨ ਦਿੱਲੀ ਵਿੱਚ ‘ਕਿਸਾਨ ਪਰੇਡ’ ਦੀ ਤਿਆਰੀ ਕਰ ਰਹੇ ਹਨ। ਛੱਤੀਸਗੜ੍ਹ ਦੇ ਕਿਸਾਨ 23 ਜਨਵਰੀ ਨੂੰ ਰਾਜ ਭਵਨ ਦਾ ਘਿਰਾਓ ਕਰਨਗੇ ਅਤੇ ਇਕ ਜੱਥਾ ਵੀ ਦਿੱਲੀ ਲਈ ਰਵਾਨਾ ਹੋਵੇਗਾ।
ਉੜੀਸਾ ਤੋਂ ਚਲਾਈ ਗਈ ਨਵ-ਨਿਰਮਾਣ ਕਿਸਾਨ ਸੰਗਠਨ ਦੀ ‘ਕਿਸਾਨ ਦਿੱਲੀ ਚਲੋ ਯਾਤਰਾ’ ਨੂੰ ਉੱਤਰ ਪ੍ਰਦੇਸ਼ ਪੁਲਿਸ ਵੱਲੋਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਯਾਤਰਾ ਦੇ ਰੂਟ ਵੀ ਬਦਲੇ ਜਾ ਰਹੇ ਹਨ। ਅਸੀਂ ਪ੍ਰਸ਼ਾਸਨ ਦੇ ਇਸ ਵਿਵਹਾਰ ਦਾ ਵਿਰੋਧ ਕਰਦੇ ਹਾਂ। ਕੋਲਕਾਤਾ ਵਿੱਚ 3 ਰੋਜ਼ਾ ਵਿਸ਼ਾਲ ਪ੍ਰੋਗਰਾਮ 20 ਜਨਵਰੀ ਤੋਂ 22 ਜਨਵਰੀ ਤੱਕ ਹੋਵੇਗਾ। ਕੱਲ ਹੋਏ ਵਿਸ਼ਾਲ ਪ੍ਰੋਗਰਾਮ ਵਿਚ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ। ਆਉਣ ਵਾਲੇ ਸਮੇਂ ਵਿਚ ਹੋਰ ਤੇਜ਼ੀ ਆਉਣ ਦੀ ਸੰਭਾਵਨਾ ਹੈ। ਮਜ਼ਦੂਰ ਕਿਸਾਨ ਸ਼ਕਤੀ ਸੰਗਠਨ ਦੀ ਅਗਵਾਈ ਹੇਠ ਰਾਜਸਥਾਨ ਦੇ ਕਿਸਾਨ, ਮਜ਼ਦੂਰ ਅਤੇ ਆਮ ਲੋਕ ਸ਼ਾਹਜਹਾਂਪੁਰ ਸਰਹੱਦ ‘ਤੇ ਪਹੁੰਚ ਰਹੇ ਹਨ। ਨਵ-ਉਦਾਰਵਾਦੀ ਨੀਤੀਆਂ ਖ਼ਿਲਾਫ਼ ਪੁਤਲੀਆਂ ਅਤੇ ਗੀਤਾਂ ਰਾਹੀਂ ਪ੍ਰਦਰਸ਼ਨ ਕੀਤੇ ਜਾ ਰਹੇ ਹਨ।