Seema Rani’s killer : ਬੀਤੇ ਦਿਨੀਂ ਸਬ ਡਵੀਜ਼ਨ ਗੜ੍ਹਸ਼ੰਕਰ ਦੇ ਬਲਾਕ ਮਾਹਿਲਪੁਰ ਦੇ ਪਿੰਡ ਖਾਨਪੁਰ ਦੇ ਨਾਲ ਪੈਂਦੇ ਲੱਧੇਵਾਲ ਦੇ ਬਰਸਾਤੀ ਚੋਅ ਵਿਚੋਂ ਇੱਕ ਔਰਤ ਦੀ ਲਾਸ਼ ਮਿਲਣ ਕਾਰਨ ਇਲਾਕੇ ਵਿੱਚ ਸਨਸਨੀ ਫੈਲ ਗਈ ਸੀ। ਸੂਚਨਾ ਮਿਲਣ ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿੱਚ ਲੈਕੇ ਜਾਂਚ ਪੜਤਾਲ ਕੀਤੀ ਤਾਂ ਮ੍ਰਿਤਕਾ ਦੀ ਪਹਿਚਾਣ ਸੀਮਾ ਰਾਣੀ ਪਤਨੀ ਸਤੀਸ਼ ਮੁਹੰਮਦ ਵਾਸੀ ਲੰਗੇਰੀ ਰੋਡ ਮਾਹਿਲਪਰ ਵਜੋਂ ਹੋਈ ਸੀ। ਲਾਸ਼ ਤੋਂ ਕਾਫੀ ਬਦਬੂ ਆ ਰਹੀ ਸੀ ਜਿਸ ਤੋਂ ਪਤਾ ਲੱਗਦਾ ਸੀ ਕਿ ਲਾਸ਼ ਕਾਫੀ ਦਿਨਾਂ ਤੋਂ ਉਥੇ ਪਈ ਹੋਈ ਸੀ। ਸ਼ਨਾਖਤ ਤੋਂ ਬਾਅਦ ਮ੍ਰਿਤਕ ਦੇ ਲੜਕੇ ਸੁਖਦੀਨ ਉਰਫ ਜਾਇਦ ਮੁਹੰਮਦ ਨੇ ਪੁਲਿਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਸੀ ਕਿ ਸੀਮਾ ਰਾਣੀ ਦਾ ਉਸ ਦੇ ਪਤੀ ਸਤੀਸ਼ ਮੁਹੰਮਦ ਦਾ ਦਸ ਸਾਲ ਪਹਿਲਾਂ ਤਲਾਕ ਹੋ ਗਿਆ ਸੀ ਅਤੇ ਕਰੀਬ ਚਾਰ ਸਾਲ ਪਹਿਲਾਂ ਸੀਮਾ ਰਾਣੀ ਨੇ ਅਮ੍ਰਿਤਸਰ ਦੇ ਰਹਿਣ ਵਾਲੇ ਰਾਹੁਲ ਨਾਂ ਦੇ ਲੜਕੇ ਨਾਲ ਸ਼ਾਦੀ ਕਰ ਲਈ ਅਤੇ ਰਾਹੁਲ ਵੀ ਮਾਹਿਲਪਰ ਵਿਖੇ ਰਹਿਣ ਲੱਗ ਪਿਆ ਸੀ।
ਮ੍ਰਿਤਕ ਦੇ ਪਰਿਵਾਰਕ ਮੈਬਰਾਂ ਨੇ ਸ਼ੱਕ ਜਾਹਿਰ ਕੀਤਾ ਸੀ ਕਿ ਰਾਹੁਲ ਨੇ ਹੀ ਅਪਣੇ ਸਾਥੀਆਂ ਨਾਲ ਮਿਲ ਕੇ ਸੀਮਾ ਦਾ ਕਤਲ ਕੀਤਾ ਹੈ। ਏ.ਐਸ.ਪੀ ਗੜ੍ਹਸ਼ੰਕਰ ਤੁਸ਼ਾਰ ਗੁਪਤਾ ਦੀ ਨਿਗਰਾਨੀ ਹੇਠ ਪੁਲਿਸ ਪਾਰਟੀ ਵੱਲੋਂ ਕੀਤੀ ਗਈ ਸਖਤ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਕਿ ਮ੍ਰਿਤਕ ਸੀਮਾ ਰਾਣੀ ਦੇ ਰਾਮਪਾਲ ਪੁੱਤਰ ਕ੍ਰਿਸ਼ਨ ਲਾਲ ਨਾਲ ਨਾਜਾਇਜ਼ ਸਬੰਧ ਸਨ। ਜੋ ਕਿ ਖਾਨਪੁਰ ਵਿਖੇ ਤੰਬੜ ਫਾਰਮ ‘ਤੇ ਰਹਿੰਦਾ ਹੈ। ਪੁਲਿਸ ਵੱਲੋਂ ਰਾਮਪਾਲ ਤੋਂ ਸਖਤੀ ਨਾਲ ਕੀਤੀ ਗਈ ਪੁੱਛਗਿੱਛ ਦੌਰਾਨ ਉਸ ਨੇ ਅਪਣਾ ਗੁਨਾਹ ਕਬੂਲ ਕਰਦੇ ਹੋਏ ਦੱਸਿਆ ਕਿ ਸੀਮਾ ਰਾਣੀ ਨੇ ਉਸ ਤੋਂ 20 ਹਜਾਰ ਰੁਪਏ ਦੀ ਮੰਗ ਕੀਤੀ ਸੀ। ਉਸ ਵੱਲੋਂ ਮੰਗ ਪੂਰੀ ਨਾ ਕਰਨ ‘ਤੇ ਦੋਹਾਂ ਵਿੱਚ ਝਗੜਾ ਹੋ ਗਿਆ ਅਤੇ ਝਗੜਾ ਇਨ੍ਹਾਂ ਵੱਧ ਗਿਆ ਕਿ ਉਸ ਨੇ ਦਾਤਰ ਨਾਲ ਸੀਮਾ ਦਾ ਕਤਲ ਕਰਕੇ ਲਾਸ਼ ਚੋਅ ਵਿੱਚ ਸੁੱਟ ਦਿੱਤੀ। ਦੋਸ਼ੀ ਤੇ ਮੁਕੱਦਮਾ ਨੰਬਰ 36 ਅਧੀਨ 302, 201, 34 ਥਾਣਾ ਮਾਹਿਲਪੁਰ ਦਰਜ ਕੀਤਾ ਹੈ ਅਤੇ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਦੇ ਡੂੰਘਾਈ ਨਾਲ ਹੋਰ ਜਾਂਚ ਕੀਤੀ ਜਾ ਰਹੀ ਹੈ।