Senior Advocate HS : ਦਿੱਲੀ ਦੇ ਸਿੰਘੂ ਤੇ ਟਿਕਰੀ ਬਾਰਡਰ ‘ਤੇ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। 26 ਜਨਵਰੀ ਨੂੰ ਲਾਲ ਕਿਲ੍ਹੇ ‘ਤੇ ਹੋਈ ਹਿੰਸਾ ‘ਚ ਬਹੁਤ ਸਾਰੇ ਨੌਜਵਾਨ ਲਾਪਤਾ ਹੋ ਗਏ ਤੇ ਬਹੁਤ ਸਾਰਿਆਂ ‘ਤੇ ਮੁਕੱਦਮੇ ਵੀ ਦਰਜ ਕੀਤੇ ਗਏ। ਇਸ ਤੋਂ ਬਾਅਦ ਬੀਤੀ ਸ਼ੁੱਕਰਵਾਰ ਨੂੰ ਕਿਸਾਨਾਂ ਤੇ ਸਥਾਨਕ ਲੋਕਾਂ ਦਰਮਿਆਨ ਹਿੰਸਕ ਝੜਪ ਹੋ ਗਈ। ਲੋਕਾਂ ਵੱਲੋਂ ਕਿਸਾਨਾਂ ‘ਤੇ ਪੱਥਰਬਾਜ਼ੀ ਕੀਤੀ ਗਈ ਤੇ ਉਨ੍ਹਾਂ ਨੂੰ ਧਰਨੇ ਵਾਲੀ ਥਾਂ ਨੂੰ ਛੱਡਣ ਲਈ ਕਿਹਾ ਗਿਆ। ਸਥਿਤੀ ਜ਼ਿਆਦਾ ਹੀ ਨਾਜ਼ੁਕ ਹੁੰਦਿਆਂ ਦੇਖ ਪੁਲਿਸ ਵੱਲੋਂ ਪੂਰੇ ਇਲਾਕੇ ਨੂੰ ਛਾਉਣੀ ‘ਚ ਤਬਦੀਲ ਕਰ ਦਿੱਤਾ ਗਿਆ। ਇਸੇ ਦਰਮਿਆਨ ਕੁਝ ਕਿਸਾਨਾਂ ਵੱਲੋਂ ਤਲਵਾਰਾਂ ਦੁਆਰਾ ਵੀ ਹਮਲਾ ਕੀਤਾ ਗਿਆ ਜਿਸ ਕਾਰਨ 44 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ।
ਹੁਣ ਵੱਖ-ਵੱਖ ਕਿਸਾਨ ਯੂਨੀਅਨਾਂ ਵੱਲੋਂ ਅੰਦੋਲਨਕਾਰੀਆਂ ਦੀ ਮਦਦ ਕੀਤੀ ਜਾ ਰਹੀ ਹੈ। ਇਸੇ ਸਬੰਧੀ ਸੀਨੀਅਰ ਐਡਵੋਕੇਟ ਐੱਚ. ਐੱਸ. ਫੂਲਕਾ ਵੱਲੋਂ ਕਿਸਾਨਾਂ ਨੂੰ ਮਦਦ ਦੀ ਪੇਸ਼ਕਸ਼ ਕੀਤੀ ਗਈ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ ਕਿ ਪੁਲਿਸ ਵੱਲੋਂ ਸਿੰਘੂ ਬਾਰਡਰ ਤੇ ਟਿਕਰੀ ਬਾਰਡਰ ‘ਤੇ ਕੁਝ ਨੌਜਵਾਨਾਂ ਨੂੰ ਚੁੱਕਿਆ ਗਿਆ ਹੈ। ਉਨ੍ਹਾਂ ਦੇ ਨੌਜਵਾਨਾਂ ਦੇ ਪਰਿਵਾਰ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਹਾਇਤਾ ਦੇ ਲਈ ਦੋ ਨੰਬਰਾਂ ‘ਤੇ ਸੰਪਰਕ ਕਰਨ ਨੂੰ ਕਿਹਾ ਗਿਆ ਹੈ। ਇਹ ਨੰਬਰ ਹਨ +91 98144-11494 (ਨਵਕਿਰਨ ਸਿੰਘ, ਐਡਵੋਕੇਟ ਚੰਡੀਗੜ੍ਹ), ਦੂਜਾ ਨੰਬਰ +91 88826-63755 (ਹਰਪ੍ਰੀਤ ਸਿੰਘ ਹੋਰਾ ਐਡਵੋਕੇਟ ਦਿੱਲੀ)। ਉਨ੍ਹਾਂ ਕਿਹਾ ਕਿ ਇਨ੍ਹਾਂ ਦੋ ਨੰਬਰਾਂ ‘ਤੇ ਸੰਪਰਕ ਕਰਕੇ ਕਿਸਾਨ ਲਾਪਤਾ ਹੋਏ ਨੌਜਵਾਨਾਂ ਸਬੰਧੀ ਇਤਲਾਹ ਦੇ ਸਕਦੇ ਹਨ।
ਇਥੇ ਇਹ ਵੀ ਦੱਸ ਦੇਈਏ ਕਿ ਕਿਸਾਨ ਯੂਨੀਅਨ ਨੇ ਵੀ ਐਲਾਨ ਕੀਤਾ ਹੈ ਕਿ ਗੁੰਮਸ਼ੁਦਾ ਲੋਕਾਂ ਅਤੇ ਅੰਦੋਲਨਕਾਰੀਆਂ ਖ਼ਿਲਾਫ਼ ਦਰਜ ਕੀਤੇ ਮੁਕੱਦਮਿਆਂ ਦਾ ਸਾਰਾ ਖਰਚਾ ਕਿਸਾਨ ਯੂਨੀਅਨ ਚੁੱਕਣਗੀਆਂ। ਉਨ੍ਹਾਂ ਨੇ ਲਾਪਤਾ ਲੋਕਾਂ ਦੇ ਪਰਿਵਾਰ ਨੂੰ ਸੰਦੇਸ਼ ਵੀ ਦਿੱਤਾ ਕਿ ਉਨ੍ਹਾਂ ਨੂੰ ਇਸ ਸਬੰਧੀ ਜਾਣਕਾਰੀ ਦੇਣ, ਯੂਨੀਅਨ ਉਨ੍ਹਾਂ ਦੀ ਪੂਰੀ ਮਦਦ ਕਰੇਗੀ। ਸ਼ੁੱਕਰਵਾਰ ਨੂੰ ਦਿੱਲੀ ਦੀ ਸਿੰਘੂ ਸਰਹੱਦ ‘ਤੇ ਹੋਈ ਹਿੰਸਾ ਦੇ ਸੰਬੰਧ ਵਿਚ 44 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਦਿੱਲੀ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਕੇਸ ਵੀ ਦਰਜ ਕੀਤਾ ਗਿਆ ਹੈ।