Shri Guru Har : ਸ੍ਰੀ ਗੁਰੂ ਹਰਿ ਰਾਏ ਜੀ ਦਇਆ, ਦ੍ਰਿੜ੍ਹਤਾ ਤੇ ਸਹਿਜਤਾ ਵਰਗੇ ਮਹਾਨ ਤੇ ਸ੍ਰੇਸ਼ਟ ਗੁਣਾਂ ਦੀ ਧਾਰਨੀ ਸਨ। ਜਿਸ ਮਨੁੱਖ ਵਿਚ ਵਧੇਰੇ ਗੁਣ ਹੁੰਦੇ ਹਨ, ਉਹ ਸੰਸਾਰ ਦੀਆਂ ਸੁੱਚੀਆਂ ਨਜ਼ਰਾਂ ਦਾ ਪਾਤਰ ਬਣਦਾ ਹੈ। ਉਹ ਸ਼ਖ਼ਸੀਅਤ ਕਿੰਨੀ ਲਾਸਾਨੀ ਤੇ ਅਨੂਪਮ ਹੋਵੇਗੀ, ਜਿਸ ਵਿਚ ਦਇਆ ਸੀ, ਸਹਿਜ ਵਿਚ ਵਿਚਰਨਾ ਜਿਸ ਦਾ ਸੁਭਾਅ ਸੀ ਅਤੇ ਦ੍ਰਿੜ੍ਹਤਾ ਵਰਗਾ ਗੁਣ ਜਿਸ ਨੂੰ ਵਿਰਸੇ ਵਿੱਚੋਂ ਪ੍ਰਾਪਤ ਹੋਇਆ ਸੀ!
ਸ੍ਰੀ ਗੁਰੂ ਹਰਿਰਾਏ ਜੀ ਨੇ ਸਿੱਖ ਸੰਗਤਾਂ ਨੂੰ ਉਪਦੇਸ਼ ਦਿੱਤਾ ਕਿ ਗਰੀਬਾਂ, ਅਨਾਥਾਂ ਤੇ ਲੋੜਵੰਦਾਂ ਲਈ ਲੰਗਰ ਚਲਾਏ ਜਾਣ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਆਦੇਸ਼ ਵੰਡ ਛਕਣ ਦੀ ਰੀਤ ਚੱਲਦੀ ਰਹੇ। ਆਪ ਜੀ ਬਚਨ ਕਰਦੇ ਸਨ ਕਿ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ। ਭਾਵ ਜੋ ਸ਼ਰਧਾ ਸਹਿਤ ਲੋੜਵੰਦ ਪ੍ਰਾਣੀ ਦੀ ਸੇਵਾ ਕਰੇਗਾ, ਸੋ ਗੁਰੂ-ਘਰ ਵਿਚ ਪ੍ਰਵਾਨ ਹੋਵੇਗਾ। ਗੁਰੂ ਸਾਹਿਬ ਜੀ ਨੇ ਸਿੱਖੀ ਨੂੰ ਵਿਰਸੇ ਵਿਚ ਮਿਲੀ ਸੰਗਤ ਤੇ ਪੰਗਤ ਨੂੰ ਨਵਾਂ ਰੂਪ ਦਿੱਤਾ।
ਸ੍ਰੀ ਗੁਰੂ ਹਰਿਰਾਏ ਜੀ ਦਇਆ, ਸ਼ਾਂਤੀ ਅਤੇ ਕੋਮਲਤਾ ਦੇ ਭੰਡਾਰ ਸਨ, ਉਥੇ ਦ੍ਰਿੜ੍ਹਤਾ ਅਤੇ ਵਿਸ਼ਵਾਸ ਦੇ ਵੀ ਪਹਿਰੇਦਾਰ ਰਹੇ। ਗੁਰਬਾਣੀ ਦਾ ਸਤਿਕਾਰ ਕਾਇਮ ਰੱਖਣ ਲਈ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਤਤਪਰ ਰਹਿੰਦੇ ਸਨ। ਇਕ ਵਾਰ ਸਤਿਗੁਰੂ ਜੀ ਆਪਣੇ ਪਲੰਘ ‘ਤੇ ਆਰਾਮ ਕਰ ਰਹੇ ਸਨ ਕਿ ਬਾਹਰੋਂ ਕੁਝ ਸੰਗਤਾਂ ਢੋਲਕੀ, ਛੈਣਿਆਂ ਨਾਲ ਗੁਰਬਾਣੀ ਦੇ ਸ਼ਬਦ ਗਾਇਨ ਕਰਦੀਆਂ ਆ ਰਹੀਆਂ ਸਨ। ਜਦੋਂ ਕੀਰਤਨ ਦੀ ਆਵਾਜ਼ ਅਚਾਨਕ ਸਤਿਗੁਰੂ ਜੀ ਦੇ ਕੰਨੀਂ ਪਈ ਤਾਂ ਬਹੁਤ ਕਾਹਲੀ ਨਾਲ ਆਪਣੇ ਪਲੰਘ ਤੋਂ ਉੱਠੇ ਤਾਂ ਠੋਕਰ ਲੱਗਣ ਕਰਕੇ ਆਪ ਦੇ ਪੈਰ ’ਤੇ ਜ਼ਖ਼ਮ ਹੋ ਗਿਆ, ਖੂਨ ਵਗਣ ਲੱਗ ਪਿਆ ਪਰ ਆਪ ਬਾਣੀ ਅਤੇ ਸੰਗਤ ਦੇ ਸਤਿਕਾਰ ਲਈ ਅਡੋਲ ਖੜ੍ਹੇ ਰਹੇ। ਕੀਰਤਨ ਦੀ ਸਮਾਪਤੀ ਹੋਣ ਤੋਂ ਬਾਅਦ ਜਦੋਂ ਸੰਗਤਾਂ ਸਤਿਗੁਰੂ ਜੀ ਦੀ ਹਜ਼ੂਰੀ ਵਿਚ ਬੈਠ ਗਈਆਂ, ਫਿਰ ਹੀ ਆਪ ਨੇ ਜ਼ਖ਼ਮ ਵੱਲ ਧਿਆਨ ਦਿੱਤਾ।